ਕੈਨੇਡਾ ਦੇ ਇਸ ਸੂਬੇ ''ਚ ਖੋਲ੍ਹੇ ਜਾਣਗੇ 45,000 ਨਵੇਂ ਲਾਈਸੰਸਸ਼ੁਦਾ ਬਾਲ ਦੇਖਭਾਲ ਕੇਂਦਰ

06/07/2017 1:49:45 PM

ਟੋਰਾਂਟੋ— ਕੈਨੇਡਾ ਦਾ ਓਨਟਾਰੀਓ ਸੂਬਾ ਲੋੜਵੰਦ ਪਰਿਵਾਰਾਂ ਲਈ ਬਾਲ ਦੇਖਭਾਲ ਨੂੰ ਜਿਆਦਾ ਕਿਫਾਇਤੀ ਬਣਾਉਣ ਦੇ ਤਰੀਕਿਆਂ 'ਤੇ ਵਿਚਾਰ ਕਰ ਰਿਹਾ ਹੈ। ਸਿੱਖਿਆ ਮੰਤਰੀ ਅਤੇ ਬੱਚਿਆਂ ਦੀ ਦੇਖਭਾਲ ਸੰਬੰਧੀ ਮਾਮਲਿਆਂ ਦੇ ਮੰਤਰੀ ਬਾਲ ਦੇਖਭਾਲ ਸੰਬੰਧੀ ਯੋਜਨਾ ਦੇ ਫਰੇਮਵਰਕ ਦਾ ਉਦਘਾਟਨ ਕਰ ਰਹੇ ਹਨ। ਇਸ ਲਈ ਉਨ੍ਹਾਂ ਨੇ 45,000 ਹਜ਼ਾਰ ਨਵੇਂ ਲਾਈਸੰਸਸ਼ੁਦਾ ਬਾਲ ਸੰਭਾਲ ਕੇਂਦਰਾਂ ਦੇ ਨਿਰਮਾਣ ਲਈ 1.6 ਬਿਲੀਅਨ ਡਾਲਰ ਦੀ ਰਾਸ਼ੀ ਅਲਾਟ ਕਰਨ ਦਾ ਵੀ ਐਲਾਨ ਕੀਤਾ ਹੈ। ਇਹ ਨਵੇਂ ਬਾਲ ਸੰਭਾਲ ਕੇਂਦਰ ਆਉਣ ਵਾਲੇ ਪੰਜ ਸਾਲਾਂ ਦਰਮਿਆਨ ਲਗਭਗ 1 ਲੱਖ ਬੱਚਿਆ ਨੂੰ ਸਾਭ ਸੰਭਾਲ ਦੀ ਸਹੂਲਤਾਂ ਮੁਹੱਈਆ ਕਰਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਬਣਾਉਣ ਦੀ ਯੋਜਨਾ ਤਹਿਤ ਤਿਆਰ ਕੀਤੇ ਜਾਣਗੇ। ਨਵੇਂ ਢਾਂਚੇ ਦਾ ਉਦੇਸ਼ ਉਨ੍ਹਾਂ ਨਵੇਂ ਬਾਲ ਸੰਭਾਲ ਕੇਂਦਰਾਂ ਨੂੰ ਵਿੱਤੀ ਮਦਦ ਦੇਣ, ਲਾਈਸੰਸਸ਼ੁਦਾ ਬਾਲ ਘਰਾਂ ਲਈ ਹੋਰ ਧਨ ਉਪਲੱਬਧ ਕਰਾਉਣਾ ਅਤੇ ਉਨ੍ਹਾਂ ਪਰਿਵਾਰਾਂ ਨੂੰ ਹੋਰ ਸਬਸਿਡੀ ਮੁਹੱਈਆ ਕਰਾ ਕੇ ਉੱਚ-ਗੁਣਵੱਤਾ ਵਾਲੇ ਬਾਲ ਸੰਭਾਲ ਕੇਂਦਰਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣਾ ਹੈ, ਜਿਨ੍ਹਾਂ ਨੂੰ ਇਨ੍ਹਾਂ ਬਾਲ ਦੇਖਭਾਲ ਕੇਂਦਰਾਂ ਦੀ ਲੋੜ ਹੈ। 
ਇਸ ਸਮੁੱਚੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਓਨਟਾਰੀਓ ਦੀ ਸਰਕਾਰ ਰਣਨੀਤੀ ਦੀ ਅਗਵਾਈ ਲਈ ਮਾਹਿਰਾਂ ਦੀ ਨਿਯੁਕਤੀ ਕਰੇਗੀ ਅਤੇ ਇਸ ਦੌਰਾਨ ਇਸ ਗੱਲ ਦਾ ਅਧਿਐਨ ਕੀਤਾ ਜਾਵੇਗਾ ਕਿ ਕਿਸ ਤਰ੍ਹਾਂ ਮੁਆਵਜ਼ੇ, ਭਰਤੀ ਅਤੇ ਰੱਖ-ਰਖਾਅ ਅਤੇ ਸਿਖਲਾਈ ਦੇ ਲਈ ਬਾਲ ਸੰਭਾਲ ਕਰਮਚਾਰੀਆਂ ਦੀ ਮਦਦ ਕੀਤੀ ਜਾਵੇ। ਕੈਨੇਡੀਅਨ ਸੈਂਟਰ ਫਾਰ ਪੌਲਿਸੀ ਆਲਟਰਨੇਟਿਵ ਦੀ ਸ਼ੋਧ ਮੁਤਾਬਕ  ਓਨਟਾਰੀਓ ਇਲਾਕੇ ਦੇ ਕਈ ਸ਼ਹਿਰਾਂ 'ਚ ਦੇਸ਼ ਭਰ ਨਾਲੋਂ ਸਭ ਤੋਂ ਜਿਆਦਾ ਫੀਸ ਵਸੂਲੀ ਜਾਂਦੀ ਹੈ। ਜਿਸ 'ਚ ਟੋਰਾਂਟੋ 'ਚ ਬੱਚਿਆਂ ਦੀ ਸੰਭਾਲ ਲਈ ਫੀਸ 1,649 ਡਾਲਰ ਪ੍ਰਤੀ ਮਹੀਨਾ ਹੈ।