ਅਮਰੀਕਾ ''ਚ ਲਾਕਡਾਊਨ ਖਿਲਾਫ ਵੱਡੇ ਪੈਮਾਨੇ ''ਤੇ ਪ੍ਰਦਰਸ਼ਨ, ਹਥਿਆਰ ਲੈ ਸੜਕਾਂ ''ਤੇ ਨਿਕਲੇ ਨੌਜਵਾਨ

04/18/2020 5:26:09 PM

ਵਾਸ਼ਿੰਗਟਨ- ਕੋਰੋਨਾਵਾਇਰਸ ਦੇ ਕਾਰਣ ਕੀਤੇ ਗਏ ਲਾਕਡਾਊਨ ਤੇ ਘਰ ਵਿਚ ਰਹਿਣ ਦੇ ਖਿਲਾਫ ਅਮਰੀਕਾ ਵਿਚ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਸੀ.ਐਨ.ਐਨ. ਦੀ ਰਿਪੋਰਟ ਮੁਤਾਬਕ ਮਿਸ਼ੀਗਨ, ਮਿੰਨੇਸੋਟਾ, ਕੇਂਟੁਕੀ, ਉਟਾਹ, ਨਾਰਥ ਕੈਰੋਲੀਨਾ, ਓਹੀਓ ਅਜਿਹੇ ਸੂਬੇ ਹਨ ਜਿਥੇ ਲੋਕਾਂ ਨੇ ਵਿਰੋਧ ਦਰਜ ਕਰਵਾਇਆ ਹੈ। ਪ੍ਰਦਰਸ਼ਨਕਾਰੀ ਲਾਕਡਾਊਨ ਦੇ ਕਾਰਣ ਅਰਥਵਿਵਸਥਾ 'ਤੇ ਪੈਣ ਵਾਲੇ ਬੁਰੇ ਅਸਰ ਦੇ ਮੁੱਦੇ ਚੁੱਕ ਰਹੇ ਹਨ।

ਅਸਲ ਵਿਚ ਕੋਰੋਨਾਵਾਇਰਸ ਕਾਰਣ ਅਮਰੀਕਾ ਵਿਚ ਬਹੁਤ ਸਾਰੇ ਲੋਕ ਬੇਰੋਜ਼ਗਾਰ ਹੋ ਚੁੱਕੇ ਹਨ। ਅਜਿਹੇ ਲੋਕਾਂ ਨੂੰ ਰੈਂਟ ਦੇਣ ਤੇ ਮਹੀਨੇ ਦਾ ਖਰਚਾ ਚਲਾਉਣ ਵਿਚ ਵੀ ਦਿੱਕਤ ਆ ਰਹੀ ਹੈ। ਉਥੇ ਹੀ ਟਰੰਪ ਸਰਕਾਰ ਨੇ ਅਮਰੀਕੀ ਲੋਕਾਂ ਨੂੰ 1200 ਡਾਲਰ ਦੀ ਆਰਥਿਕ ਮਦਦ ਦੇਣ ਦਾ ਵੀ ਐਲਾਨ ਕੀਤਾ ਹੈ। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਬਾਜ਼ਾਰ ਬੰਦ ਕਰਨ ਤੇ ਲਾਕਡਾਊਨ ਦੇ ਖਿਲਾਫ ਰਹੇ ਹਨ। ਉਥੇ ਹੀ ਸ਼ੁੱਕਰਵਾਰ ਨੂੰ ਟਰੰਪ ਨੇ ਕਈ ਟਵੀਟ ਕਰਕੇ ਸੂਬਿਆਂ ਵਿਚ ਚੱਲ ਰਹੇ ਪ੍ਰਦਰਸ਼ਨ ਨੂੰ ਆਪਣਾ ਸਮਰਥਨ ਦੇ ਦਿੱਤਾ। ਮਿਸ਼ੀਗਨ ਦੀ ਰਾਜਧਾਨੀ ਸੈਨਸਿੰਗ ਵਿਚ ਲਾਕਡਾਊਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਆਪਣੇ ਨਾਲ ਰਾਈਫਲ ਲੈ ਕੇ ਪਹੁੰਚ ਗਏ। ਸੈਨਸਿੰਗ ਵਿਚ ਸ਼ੁਰੂਆਤ ਵਿਚ ਤਾਂ ਪ੍ਰਦਰਸ਼ਨਕਾਰੀ ਕਾਰਾਂ ਵਿਚ ਹੀ ਬੈਠੇ ਰਹੇ ਤੇ ਟ੍ਰੈਫਿਕ ਜਾਮ ਕਰ ਦਿੱਤਾ। ਬਾਅਦ ਵਿਚ ਉਹਨਾਂ ਨੇ ਕਾਰਾਂ ਤੋਂ ਬਾਹਰ ਨਿਕਲ ਕੇ ਪ੍ਰਦਰਸ਼ਨ ਕੀਤਾ। 

ਇਕ ਪ੍ਰਦਰਸ਼ਨਕਾਰੀ ਟਾਮ ਹੁਘੀ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਵਾਇਰਸ ਕਿੰਨਾ ਅਹਿਮ ਹੈ ਪਰ ਅਸੀਂ ਲੋਕ ਬਹੁਤ ਕੁਝ ਬੰਦ ਕਰ ਰਹੇ ਹਾਂ। ਉਥੇ ਹੀ ਮਿਸ਼ੀਗਨ ਦੇ ਨਰਸ ਐਸੋਸੀਏਸ਼ਨ ਨੇ ਪ੍ਰਦਰਸ਼ਨ ਨੂੰ ਗੈਰ-ਜ਼ਿੰਮੇਦਾਰਾਨਾ ਹਰਕਤ ਦੱਸਿਆ। ਮਿੰਨੇਸੋਟਾ ਵਿਚ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਖਰਾਬ ਵਿੱਤੀ ਹਾਲਾਤ ਤੇ ਪਰੇਸ਼ਾਨੀ ਸਣੇ ਕਈ ਮੁੱਦਿਆਂ 'ਤੇ ਵਿਰੋਧ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਸਾਨੂੰ ਅਜਿਹਾ ਲੱਗ ਰਿਹਾ ਹੈ ਕਿ ਅਸੀਂ ਕੋਰੋਨਾਵਾਇਰਸ ਨਾਲ ਲੜਦੇ ਹੋਏ ਕੰਮ 'ਤੇ ਵੀ ਜਾ ਸਕਦੇ ਹਾਂ।

ਉਥੇ ਹੀ ਉਟਾਹ ਵਿਚ ਪ੍ਰਦਰਸ਼ਨਕਾਰੀਆਂ ਨੇ ਗਵਰਨਰ ਵਲੋਂ ਲਾਈਆਂ ਗਈਆਂ ਪਾਬੰਦੀਆਂ ਨੂੰ ਗੈਰ-ਸੰਵਿਧਾਨਿਕ ਦੱਸਿਆ। ਇਸ ਸਥਾਨਕ ਰਿਪਬਲਿਕਨ ਨੇਤਾ ਨੇ ਕਿਹਾ ਕਿ ਅਮਰੀਕੀਆਂ ਨੂੰ ਵਾਇਰਸ ਤੋਂ ਬਚਾਉਣ ਦੇ ਕੰਮ 'ਤੇ ਸਰਕਾਰ ਆਪਣੇ ਅਧਿਕਾਰ ਖੇਤਰ ਤੋਂ ਬਹੁਤ ਅੱਗੇ ਨਿਕਲ ਗਈ ਹੈ। ਦੱਸ ਦਈਏ ਕਿ ਅਮਰੀਕਾ ਕੋਰੋਨਾਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਥੇ 7 ਲੱਖ 10 ਹਜ਼ਾਰ ਤੋਂ ਵਧੇਰੇ ਲੋਕ ਇਨਫੈਕਟਡ ਹੋ ਚੁੱਕੇ ਹਨ। ਉਥੇ ਹੀ ਦੇਸ਼ ਵਿਚ 35 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।

Baljit Singh

This news is Content Editor Baljit Singh