ਬੈਲਾਰੂਸ ''ਚ ਵਿਰੋਧ ਜਾਰੀ, ਰਾਸ਼ਟਰਪਤੀ ਨੇ ਪ੍ਰਦਰਸ਼ਨਕਾਰੀਆਂ ਨਾਲ ਜੇਲ ''ਚ ਕੀਤੀ ਮੁਲਾਕਾਤ

10/12/2020 9:07:47 PM

ਮਿੰਸਕ - ਬੈਲਾਰੂਸ ਵਿਚ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪਿਛਲੇ 2 ਮਹੀਨਿਆਂ ਤੋਂ ਰਾਜਧਾਨੀ ਦੀਆਂ ਸੜਕਾਂ 'ਤੇ ਰੋਸ-ਮੁਜ਼ਾਹਰੇ ਕੀਤੇ ਜਾ ਰਹੇ ਹਨ। ਲੋਕਾਂ ਨੂੰ ਇਹ ਲੱਗ ਰਿਹਾ ਹੈ ਕਿ ਚੋਣਾਂ ਵਿਚ ਹੇਰ-ਫੇਰ ਕੀਤੀ ਗਈ ਹੈ। ਬੈਲਾਰੂਸ ਵਿਚ ਪ੍ਰਦਰਸ਼ਨ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ ਬੀਬੀਆਂ ਵਧ-ਚੜ੍ਹ ਕੇ ਹਿੱਸਾ ਲੈ ਰਹੀਆਂ ਹਨ। ਪ੍ਰਦਰਸ਼ਨਕਾਰੀ ਰਾਜਨੀਤੀ ਉਤਪੀੜਣ ਬੰਦ ਕਰਨ ਅਤੇ ਦੁਬਾਰਾ ਤੋਂ ਚੋਣਾਂ ਕਰਾਉਣ ਦੀ ਮੰਗ ਕਰ ਰਹੇ ਹਨ।

ਬੈਲਾਰੂਸ ਦੀ ਰਾਜਧਾਨੀ ਮਿੰਸਕ ਵਿਚ ਸ਼ਨੀਵਾਰ ਅਤੇ ਐਤਵਾਰ ਨੂੰ ਹੋਏ ਪ੍ਰਦਰਸ਼ਨਾਂ ਦੌਰਾਨ ਪੁਲਸ ਅਤੇ ਸੁਰੱਖਿਆ ਬਲਾਂ ਨੇ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਹੈ। ਪਿਛਲੇ 2 ਮਹੀਨਿਆਂ ਤੋਂ ਇਥੇ ਮੁਜ਼ਾਹਰੇ ਕਰਨ ਵਾਲੇ ਵਿਰੋਧੀ ਦਲਾਂ ਦੇ ਸਮਰਥਕਾਂ ਨੂੰ ਜੇਲ ਵਿਚ ਸੁੱਟ ਦਿੱਤਾ ਗਿਆ। ਤਾਨਾਸ਼ਾਹ ਰਾਸ਼ਟਰਪਤੀ ਲੁਕਾਸ਼ੇਕੋਂ ਨੇ ਸ਼ਨੀਵਾਰ ਨੂੰ ਜੇਲ ਦਾ ਦੌਰਾ ਕੀਤਾ ਅਤੇ ਰੋਸ-ਮੁਜ਼ਾਹਰੇ ਕਰਨ ਵਾਲਿਆਂ ਨਾਲ ਗੱਲਬਾਤ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਦੇਸ਼ ਵਿਚ ਅਗਸਤ ਵਿਚ ਹੋਈਆਂ ਚੋਣਾਂ ਨੂੰ ਰੱਦ ਕਰਾਉਣ ਅਤੇ ਦੁਬਾਰਾ ਤੋਂ ਚੋਣਾਂ ਕਰਾਉਣ ਦੀ ਮੰਗ ਲਈ ਜੇਲ ਵਿਚ ਬੰਦ ਕਰ ਦਿੱਤਾ ਗਿਆ। ਐਤਵਾਰ ਨੂੰ ਹੋਏ ਪ੍ਰਦਰਸ਼ਨ ਦੌਰਾਨ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਣ ਲਈ ਸੁਰੱਖਿਆ ਬਲਾਂ ਦਾ ਇਸਤੇਮਾਲ ਸ਼ੁਰੂ ਕੀਤਾ ਅਤੇ ਉਥੇ ਹਾਜ਼ਰ ਵਰਕਰਾਂ ਨੇ ਵੀ ਜਵਾਬ ਵਿਚ ਹੱਥੋਂਪਾਈ ਕੀਤੀ। ਇਹ ਪ੍ਰਦਰਸ਼ਨਕਾਰੀ ਦੁਬਾਰਾ ਚੁਣੇ ਗਏ ਰਾਸ਼ਟਰਪਤੀ ਲੁਕਾਸ਼ੇਕੋਂ ਤੋਂ ਅਸਤੀਫੇ ਦੀ ਮੰਗ ਕਰ ਰਹੇ ਸਨ। 

Khushdeep Jassi

This news is Content Editor Khushdeep Jassi