ਅਮਰੀਕਾ ਤੇ ਬੰਗਲਾਦੇਸ਼ 'ਚ ਕਰੀਮਾ ਬਲੋਚ ਦੇ ਕਤਲ ਖ਼ਿਲਾਫ਼ ਰੋਸ ਪ੍ਰਦਰਸ਼ਨ

12/31/2020 1:10:51 PM

ਵਾਸ਼ਿੰਗਟਨ- ਬਲੋਚਿਸਤਾਨ ਦੀ ਮਨੁੱਖੀ ਅਧਿਕਾਰ ਕਾਰਜਕਰਤਾ ਕਰੀਮਾ ਬਲੋਚ ਦੀ ਟੋਰਾਂਟੋ ਵਿਚ ਸ਼ੱਕੀ ਸਥਿਤੀਆਂ ਵਿਚ ਹੋਈ ਮੌਤ ਦੇ ਵਿਰੋਧ ਵਿਚ ਭਾਈਚਾਰੇ ਦੇ ਲੋਕਾਂ ਨੇ ਅਮਰੀਕਾ ਅਤੇ ਬੰਗਲਾਦੇਸ਼ ਵਿਚ ਕੈਨੇਡੀਅਨ ਦੂਤਘਰ ਦੇ ਬਾਹਰ ਸ਼ਾਂਤੀਪੂਰਣ ਪ੍ਰਦਰਸ਼ਨ ਕੀਤਾ। 

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਦਿੱਤੇ ਆਪਣੇ ਪੱਤਰ ਵਿਚ ਬਲੋਚ ਭਾਈਚਾਰੇ ਦੇ ਮੈਂਬਰਾਂ ਨੇ ਕਿਹਾ,"ਬਲੋਚਿਸਤਾਨ ਵਿਚ ਵੱਡੇ ਪੈਮਾਨੇ 'ਤੇ ਲੋਕ ਪ੍ਰਦਰਸ਼ਨ ਕਰ ਕੇ ਆਪਣੀ ਨੇਤਾ ਕਰੀਮਾ ਮੇਹਰਾਬ ਲਈ ਨਿਆਂ ਮੰਗ ਰਹੇ ਹਨ। ਭਾਈਚਾਰੇ ਦੇ ਲੋਕਾਂ ਵਿਚ ਸੁਰੱਖਿਆ ਦਾ ਭਾਵ ਪੈਦਾ ਕਰਨ ਲਈ ਅਸੀਂ ਮਾਮਲੇ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਚਾਹੁੰਦੇ ਹਾਂ। ਬਲੋਚ ਭਾਈਚਾਰੇ ਅਤੇ ਕਰੀਮਾ ਦੇ ਪਰਿਵਾਰ ਨੂੰ ਕੈਨੇਡਾ ਸਰਕਾਰ ਨੇ ਨਿਆਂ ਦੇਣ ਦੀ ਗੱਲ ਆਖੀ ਹੈ।" ਬੰਗਲਾਦੇਸ਼ ਵਿਚ ਕਰੀਮਾ ਬਲੋਚ ਲਈ ਨਿਆਂ ਦੀ ਮੰਗ ਕਰਦੇ ਹੋਏ ਮੁਕਤੀਯੁੱਧ ਮੰਚ ਨੇ ਵਿਦੇਸ਼ ਮੰਤਰਾਲੇ ਤੋਂ ਕੈਨੇਡਾ ਵਿਚ ਕਾਰਜਕਰਤਾ ਦੇ ਕਤਲ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਬਲੋਚਸਤਾਨ ਵਿਚ ਮੁਸਲਿਮ ਕਤਲੇਆਮ ਨੂੰ ਰੋਕਣ ਲਈ ਕੌਮਾਂਤਰੀ ਜਨਤਕ ਰਾਇ ਬਣਾਉਣ ਦੀ ਅਪੀਲ ਕੀਤੀ ਹੈ। 

ਵਾਸ਼ਿੰਗਟਨ ਡੀ. ਸੀ. ਵਿਚ ਮੰਗਲਵਾਰ ਨੂੰ ਕੈਨੇਡੀਅਨ ਦੂਤਘਰ ਦੇ ਬਾਹਰ ਬਲੋਚ ਭਾਈਚਾਰੇ ਦੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਬਲੋਚਿਸਤਾਨ ਸੂਬਾਈ ਅਸੈਂਬਲੀ ਦੇ ਸਾਬਕਾ ਮੁਖੀ ਵਹੀਦ ਬਲੋਚ ਨੇ ਕਿਹਾ ਕਿ ਟੋਰਾਂਟੋ ਵਿਚ ਕਰੀਮਾ ਬਲੋਚ ਦਾ ਕਤਲ ਰਾਜਨੀਤੀ ਤੋਂ ਪ੍ਰੇਰਿਤ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨੀ ਫ਼ੌਜ ਅਤੇ ਆਈ. ਐੱਸ. ਆਈ. ਨੇ ਉਸ ਦਾ ਕਤਲ ਕੀਤਾ ਹੈ। 

ਵਹੀਦ ਬਲੋਚ ਨੇ ਕਿਹਾ ਕਿ ਕਰੀਮਾ ਬਲੋਚਿਸਤਾਨ ਵਿਚ ਕਮਜ਼ੋਰ ਵਰਗ ਦੀ ਆਵਾਜ਼ ਸੀ। ਉਹ  ਪਾਕਿਸਾਤਨੀ ਫ਼ੌਜ ਅਤੇ ਉਸ ਦੀਆਂ ਨੀਤੀਆਂ ਅਤੇ ਕਾਰਵਾਈਆਂ ਦੀ ਵੱਡੀ ਆਲੋਚਕ ਸੀ। ਸਮਾਜਕ ਕਾਰਜਕਰਤਾ ਨਬੀ ਬਖਸ਼ ਬਲੋਚ ਨੇ ਕਿਹਾ ਕਿ ਕਰੀਮਾ ਨੂੰ ਪਾਕਿਸਤਾਨ ਵਿਚ ਜਾਨ ਦਾ ਖਤਰਾ ਸੀ ਅਤੇ ਉਸ ਨੇ 2015 ਵਿਚ ਕੈਨੇਡਾ ਵਿਚ ਰਾਜਨੀਤਕ ਸ਼ਰਣ ਮੰਗੀ ਸੀ। ਇੱਥੇ ਵੀ ਉਸ ਨੂੰ ਧਮਕੀਆਂ ਮਿਲਦੀਆਂ ਰਹੀਆਂ ਤੇ ਉਸ ਦੇ ਪਰਿਵਾਰ ਨੂੰ ਪਾਕਿਸਤਾਨ ਵਿਚ ਨਿਸ਼ਾਨਾ ਬਣਾਇਆ ਗਿਆ। ਉਸ ਦੇ ਰਿਸ਼ਤੇਦਾਰ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਨੂੰ ਹਿਰਾਸਤ ਵਿਚ ਤੰਗ ਕੀਤਾ ਗਿਆ ਤੇ ਗੈਰ-ਕਾਨੂੰਨੀ ਰੂਪ ਨਾਲ ਫਾਂਸੀ ਦਿੱਤੀ ਗਈ। 

Lalita Mam

This news is Content Editor Lalita Mam