ਇਰਾਕ ''ਚ ਪੁਲਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈ ਝੜਪ, ਕਈ ਜ਼ਖਮੀ

06/30/2019 8:37:57 AM


ਬਗਦਾਦ— ਇਰਾਕ ਦੇ ਦੱਖਣੀ-ਪੂਰਬੀ ਸ਼ਹਿਰ ਬਸਰਾ 'ਚ ਜ਼ਰੂਰੀ ਸੁਵਿਧਾਵਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਪੁਲਸ ਨਾਲ ਝੜਪ ਹੋ ਗਈ ਅਤੇ ਇਸ ਕਾਰਨ ਕਈ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ। ਇਰਾਕੀ ਅਲ-ਸੁਮਾਰੀਆ ਦੇ ਬ੍ਰਾਡਕਾਸਟਰ ਨੇ ਰਿਪੋਰਟ 'ਚ ਦੱਸਿਆ ਕਿਸਥਾਨਕ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਹੰਝੂ ਗੈਸ ਦੀ ਵਰਤੋਂ ਕੀਤੀ ਅਤੇ ਕਈ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਗਵਰਨਰ ਹਾਊਸ ਵੱਲ ਜਾਣ ਤੋਂ ਰੋਕ ਦਿੱਤਾ। 
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਤੰਬਰ 'ਚ ਬਸਰਾ ਦੇ ਨਾਗਰਿਕਾਂ ਨੇ ਪੀਣ ਦੇ ਪਾਣੀ ਅਤੇ ਬਿਜਲੀ ਕੱਟਣ 'ਤੇ ਰੋਸ ਵਜੋਂ ਸੜਕਾਂ 'ਤੇ ਪ੍ਰਦਰਸ਼ਨ ਕੀਤਾ ਸੀ। ਇਸ ਕਾਰਨ ਫੌਜ ਨੂੰ ਸੱਦਣਾ ਪਿਆ ਸੀ। ਇਸ ਪ੍ਰਦਰਸ਼ਨ 'ਚ ਕਈ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹੋਰ ਨਾਗਰਿਕ ਜ਼ਖਮੀ ਹੋ ਗਏ ਸਨ।