ਅਮਰੀਕਾ : ਭਾਰਤੀ ਮੂਲ ਦੇ ਸੰਸਦ ਮੈਂਬਰ ਦੇ ਪ੍ਰੋਗਰਾਮ ''ਚ ਵਿਰੋਧ ਪ੍ਰਦਰਸ਼ਨ

10/05/2019 10:35:53 AM

ਵਾਸ਼ਿੰਗਟਨ— ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ਵਲੋਂ ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਨ ਮਨਾਉਣ ਲਈ ਇਸ ਹਫਤੇ ਆਯੋਜਿਤ ਇਕ ਬੈਠਕ 'ਚ ਹੋਏ ਵਿਰੋਧ ਪ੍ਰਦਰਸ਼ਨ ਦੇ ਪਿੱਛੇ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਹਿੰਦੂ ਸਵੈਸੇਵਕ ਸੰਘ (ਐੱਚ. ਐੱਸ. ਐੱਸ.) ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਕ ਪ੍ਰਬੰਧਕ ਨੇ ਦੱਸਿਆ ਕਿ ਪ੍ਰੋਗਰਾਮ 'ਚ ਭਾਰਤੀ-ਅਮਰੀਕੀ ਭਾਈਚਾਰੇ ਦੇ 300 ਤੋਂ ਵਧੇਰੇ ਮੈਂਬਰ ਸ਼ਾਮਲ ਹੋਏ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਖੰਨਾ ਨੂੰ ਭਾਈਚਾਰੇ ਦਾ ਚੰਗਾ ਸਮਰਥਨ ਪ੍ਰਾਪਤ ਹੈ। ਦੱਸਿਆ ਗਿਆ ਕਿ ਇਕ ਛੋਟੇ ਸਮੂਹ ਨੇ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ 'ਤੇ ਯੂਕਰੇਨ 'ਚ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਵਾਲੇ ਪਰਚੇ ਵੰਡੇ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਖੰਨਾ ਦੇ ਟਵੀਟ ਗਾਂਧੀ ਵਿਰੋਧੀ ਕਾਰਕੁੰਨਾਂ ਅਮਰ ਸ਼ੇਰਗਿੱਲ ਅਤੇ ਪੀਟਰ ਫ੍ਰੈਡਰਿਕ ਨੂੰ ਉਤਸ਼ਾਹਿਤ ਕਰਨ ਵਾਲੇ ਲੱਗਦੇ ਹਨ। ਬਿਡੇਨ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੇ ਦਾਅਵੇਦਾਰ ਹਨ। ਪ੍ਰਬੰਧਕਾਂ ਨੇ ਦੋਸ਼ ਲਗਾਇਆ ਕਿ ਕਈ ਪ੍ਰਦਰਸ਼ਨਕਾਰੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕ ਸਨ।

ਸਿਲੀਕਾਨ ਵੈਲੀ ਤੋਂ ਦੋ ਵਾਰ ਸੰਸਦ ਮੈਂਬਰ ਬਣੇ ਰੋਅ ਖੰਨਾ ਨੇ ਜਦ ਕਿਹਾ ਕਿ ਉਹ ਕਦੇ ਵੀ ਕੱਟੜਤਾ ਜਾਂ ਗੋਰੇ ਰਾਸ਼ਟਰਵਾਦ ਤੇ ਫਿਰਕਾਪ੍ਰਸਤੀ ਦੇ ਅੱਗੇ ਨਹੀਂ ਝੁਕਣਗੇ ਅਤੇ ਹਮੇਸ਼ਾ ਬਹੁਲਵਾਦ ਦੇ ਪੱਖ 'ਚ ਰਹਿਣਗੇ ਤਾਂ ਬੈਠਕ 'ਚ ਮੌਜੂਦ ਸਾਰੇ ਲੋਕਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਲਈ ਤਾੜੀਆਂ ਵਜਾਈਆਂ। ਖੰਨਾ ਦੇ ਦਾਦਾ ਗਾਂਧੀਵਾਦੀ ਸਨ। ਇਸ ਪ੍ਰੋਗਰਾਮ 'ਚ ਸ਼ਾਮਲ ਹੋਏ ਆਈ. ਆਈ. ਟੀ. ਖੜਗਪੁਰ ਦੇ ਸਾਬਕਾ ਵਿਦਿਆਰਥੀ ਚਿੰਮਨਯ ਰਾਏ ਨੇ ਕਿਹਾ ਕਿ ਉਨ੍ਹਾਂ ਨੇ ਪ੍ਰੋਗਰਾਮ 'ਚ ਸ਼ਾਮਲ ਹੋਣ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ,''ਮੈਂ ਸਮੂਹ ਨਾਲ ਗੱਲ ਕੀਤੀ ਸੀ। ਉਨ੍ਹਾਂ ਨੇ ਮੇਰੇ ਨਾਲ ਚੰਗੀ ਗੱਲਬਾਤ ਕੀਤੀ। ਉਨ੍ਹਾਂ 'ਚ ਜ਼ਿਆਦਾ ਐੱਚ. ਐੱਸ. ਐੱਸ. ਦੇ ਮੈਂਬਰ ਸਨ।'' ਚਿੰਮਨਯ ਰਾਏ ਨੇ ਦੱਸਿਆ ਕਿ ਅੱਧੇ ਤੋਂ ਵਧੇਰੇ ਲੋਕਾਂ ਨੂੰ ਰੋਅ ਦਾ ਟਵੀਟ ਸਮਝ ਨਹੀਂ ਆਇਆ। ਮੈਂ ਉਨ੍ਹਾਂ ਨੂੰ ਦੋਬਾਰਾ ਪੜ੍ਹਨ ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੰਸਦ ਮੈਂਬਰ ਦੇ ਟਵੀਟ ਜਿਸ ਤੋਂ ਜ਼ਿਆਦਾਤਰ ਲੋਕ ਨਾਰਾਜ਼ ਹਨ ,ਉਹ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ।