ਜਹਾਜ਼ ਹਾਦਸੇ ਕਾਰਨ ਖਾਮਨੇਈ ਖਿਲਾਫ ਸੜਕਾਂ 'ਤੇ ਉਤਰੇ ਲੋਕ, ਟਰੰਪ ਨੇ ਦਿੱਤੀ ਚਿਤਾਵਨੀ

01/12/2020 10:42:01 PM

ਤਹਿਰਾਨ- ਯੂਕਰੇਨ ਜਹਾਜ਼ ਹਾਦਸੇ ਦੀ ਜ਼ਿੰਮੇਦਾਰੀ ਲੈਣ ਤੋਂ ਬਾਅਦ ਤੋਂ ਹੀ ਈਰਾਨ ਦੇ ਚੋਟੀ ਦੇ ਨੇਤਾ ਅਯਾਤੁਲਾਹ ਅਲੀ ਖਾਮਨੇਈ ਦੇ ਖਿਲਾਫ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ ਹਨ। ਪ੍ਰਦਰਸ਼ਨਕਾਰੀ ਈਰਾਨ ਦੇ ਚੋਟੀ ਦੇ ਨੇਤਾ ਤੋਂ ਉਹਨਾਂ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ। ਉਥੇ ਹੀ ਈਰਾਨ ਵਿਚ ਹੋ ਰਹੇ ਪ੍ਰਦਰਸ਼ਨਾਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਹਾਲਾਤ 'ਤੇ ਨਜ਼ਰ ਬਣਾਏ ਹੋਏ ਹਨ ਤੇ ਹੁਣ ਦੂਜਾ ਕਤਲੇਆਮ ਨਹੀਂ ਹੋਣਾ ਚਾਹੀਦਾ।

ਜ਼ਿਕਰਯੋਗ ਹੈ ਕਿ ਈਰਾਨ ਨੇ ਸਵਿਕਾਰ ਕੀਤਾ ਸੀ ਕਿ ਉਸ ਨੇ ਗਲਤੀ ਨਾਲ ਯੂਕਰੇਨ ਦੇ ਯਾਤਰੀ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿਚ ਸਵਾਰ 176 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਈਰਾਨ 'ਤੇ ਅੰਤਰਰਾਸ਼ਟਰੀ ਦਬਾਅ ਦੇ ਨਾਲ-ਨਾਲ ਅੰਦਰੂਨੀ ਦਬਾਅ ਵੀ ਹੈ। ਜਹਾਜ਼ ਵਿਚ ਸਵਾਰ ਜ਼ਿਆਦਾਤਰ ਲੋਕ ਈਰਾਨੀ ਸਨ, ਜਿਸ ਨੂੰ ਲੈ ਕੇ ਲੋਕ ਸੜਕਾਂ 'ਤੇ ਉਤਰ ਕੇ ਚੋਟੀ ਦੇ ਨੇਤਾ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।

ਖਾਮਨੇਈ ਦੇਸ਼ ਛੱਡੋ ਦੇ ਲੱਗੇ ਨਾਅਰੇ
ਈਰਾਨ ਦੀ ਰਾਜਧਾਨੀ ਤਹਿਰਾਨ ਵਿਚ ਅਮਰੀਕੀ ਦੂਤਘਰ ਦੇ ਬਾਹਰ ਹਜ਼ਾਰਾਂ ਲੋਕ ਪ੍ਰਦਰਸ਼ਨ ਕਰਨ ਵਿਚ ਲੱਗੇ ਹੋਏ ਹਨ। ਉਥੇ ਹੀ ਅਮੀਰ ਕਾਬਿਰ ਯੂਨੀਵਰਸਿਟੀ ਦੇ ਬਾਹਰ ਵੀ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ। ਲੋਕ ਹੱਥਾਂ ਵਿਚ ਪੋਸਟਰ ਲੈ ਕੇ ਚੋਟੀ ਦੇ ਨੇਤਾ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ। ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਤੇ ਖਾਮਨੇਈ ਦੇਸ਼ ਛੱਡੋ ਦੇ ਨਾਅਰੇ ਲਾਏ।

ਸ਼ਨੀਵਾਰ ਨੂੰ ਈਰਾਨ ਵਿਚ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਤੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਸੁਲੇਮਾਨੀ ਦੀ ਮੌਤ ਤੋਂ ਬਾਅਦ ਲੱਖਾਂ ਲੋਕ ਈਰਾਨ ਦੀਆਂ ਸ਼ੜਕਾਂ 'ਤੇ ਉਤਰੇ ਸਨ ਤੇ ਅਮਰੀਕਾ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਸ ਜਹਾਜ਼ ਹਾਦਸੇ ਵਿਚ ਈਰਾਨ ਦੇ 82, ਕੈਨੇਡਾ ਦੇ 63, ਯੂਕਰੇਨ ਦੇ 11, ਸਵੀਡਨ ਦੇ 10, ਅਫਗਾਨਿਸਤਾਨ ਦੇ ਚਾਰ ਜਦਕਿ ਜਰਮਨੀ ਤੇ ਬ੍ਰਿਟੇਨ ਦੇ ਤਿੰਨ-ਤਿੰਨ ਨਾਗਰਿਕ ਮਾਰੇ ਗਏ ਸਨ।


Baljit Singh

Content Editor

Related News