ਅਲ੍ਹੜ ਉਮਰ ਵਿਚ ਹੋਈ ਦੋਸਤੀ 54 ਸਾਲ ਬਾਅਦ ਚੜ੍ਹੀ ਪਰਵਾਨ, ਕਰਵਾਇਆ ਵਿਆਹ

08/20/2017 4:15:39 PM

ਬ੍ਰਿਸਬੇਨ— ਪਿਆਰ ਕਰਨ ਦੀ ਕੋਈ ਉਮਰ ਜਾਂ ਸੀਮਾ ਨਹੀਂ ਹੁੰਦੀ ਇਸ ਗੱਲ ਨੂੰ ਬ੍ਰਿਸਬੇਨ ਵਿਚ ਰਹਿੰਦੇ ਇਸ ਜੋੜੇ ਨੇ ਸਿੱਧ ਕਰ ਦਿਖਾਇਆ ਹੈ। ਇਸ ਜੋੜੇ ਦੀ ਪਹਿਲੀ ਮੁਲਾਕਾਤ ਘਰ ਪਿੱਛੇ ਲੱਗੀ ਵਾੜ ਨੇੜੇ ਹੋਈ ਸੀ। 
ਪੈਮ ਅਤੇ ਰੌਨ ਸਿੰਕਲੈਅਰ ਦੀ ਪਹਿਲੀ ਮੁਲਾਕਾਤ ਸਮੇਂ ਦੋਹਾਂ ਦੀ ਉਮਰ 20 ਦੇ ਲੱਗਭਗ ਸੀ। ਉਸ ਸਮੇਂ ਉਹ ਬ੍ਰਿਸਬੇਨ ਦੇ ਉੱਤਰ ਵਿਚ ਸਟਰਥਪਾਈਨ ਵਿਚ ਇਕ-ਦੂਜੇ ਦੇ ਗੁਆਂਢੀ ਸਨ। ਕੁਝ ਸਮੇਂ ਬਾਅਦ ਉਨ੍ਹਾਂ ਦਾ ਵਿਆਹ ਵੱਖ-ਵੱਖ ਸ਼ਖਸੀਅਤਾਂ ਨਾਲ ਹੋ ਗਿਆ।
ਇਕ ਵਾਰੀ ਪੈਮ ਦੇ ਘਰ ਅੱਗੇ ਉੱਗੀਆਂ ਝਾੜੀਆਂ ਵਿਚ ਅੱਗ ਲੱਗ ਗਈ। ਇਹ ਅੱਗ ਘਰ ਅੰਦਰ ਫੈਲ ਚੁੱਕੀ ਸੀ। ਉਦੋਂ ਰੌਨ ਨੇ ਪੈਮ ਦੀ ਮਦਦ ਕੀਤੀ ਅਤੇ ਉਸ ਦੇ ਪਤੀ ਨੂੰੂ ਲਪਟਾਂ ਵਿਚੋਂ ਬਾਹਰ ਕੱਢਿਆ।
ਇਸ ਘਟਨਾ ਮਗਰੋਂ ਪੈਮ ਅਤੇ ਉਸ ਦੇ ਪਤੀ ਦੀ ਰੌਨ ਨਾਲ ਅਤੇ ਉਸ ਦੀ ਪਤਨੀ ਨਾਲ ਦੋਸਤੀ ਹੋ ਗਈ। ਇਹ ਦੋਸਤੀ ਕਈ ਸਾਲਾਂ ਤੱਕ ਬਣੀ ਰਹੀ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਪੈਮ ਅਤੇ ਰੌਨ ਦੋਹਾਂ ਦੇ ਪਾਰਟਨਰ ਉਨ੍ਹਾਂ ਨੂੰ ਛੱਡੇ ਕੇ ਚਲੇ ਗਏ। ਇਸ ਦੌਰਾਨ ਪੈਮ ਅਤੇ ਰੌਨ ਦਾ ਮਿਲਣਾ-ਜੁਲਣਾ ਵੀ ਬੰਦ ਹੋ ਗਿਆ। ਕਾਫੀ ਸਮਾਂ ਉਹ ਇਕ-ਦੂਜੇ ਨੂੰ ਨਹੀਂ ਮਿਲੇ। ਇਕ ਦਿਨ ਅਚਾਨਕ ਰੌਨ ਨੇ ਪੈਮ ਨੂੰ ਫੋਨ ਕੀਤਾ ਅਤੇ ਮਿਲਣ ਲਈ ਬੁਲਾਇਆ। ਥੋੜ੍ਹਾ ਸਮਾਂ ਇੱਕਠਾ ਬਿਤਾਉਣ ਮਗਰੋਂ ਦੋਹਾਂ ਨੇ ਇਕ-ਦੂਜੇ ਪ੍ਰਤੀ ਲਗਾਓ ਮਹਿਸੂਸ ਕਰਨਾ ਸ਼ੁਰੂ ਕੀਤਾ।
ਇਕ ਦਿਨ ਰੌਨ ਨੇ ਗੋਡਿਆਂ ਭਾਰ ਝੁੱਕ ਕੇ ਪੈਮ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਪੈਮ ਨੇ ਵੀ ਸਵੀਕਾਰ ਕਰ ਲਿਆ। ਇਸ ਜੋੜੇ ਨੇ 6 ਹਫਤੇ ਮਗਰੋਂ ਸਥਾਨਕ ਹਾਲ ਵਿਚ ਆਪਣੇ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ਵਿਚ ਵਿਆਹ ਕਰ ਲਿਆ। ਰੌਨ ਇਸ ਸਾਲ ਦਸੰਬਰ ਮਹੀਨੇ ਵਿਚ 80 ਸਾਲ ਦੇ ਹੋ ਜਾਣਗੇ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਮਨੁੱਖ ਨੂੰ ਜ਼ਿੰਦਗੀ ਵਿਚ ਕਦੇ ਨਿਰਾਸ਼ ਨਹੀਂ ਹੋਣਾ ਚਾਹੀਦਾ।