ਇਸਹਾਕ ਡਾਰ ਨੂੰ ਭਗੌੜਾ ਐਲਾਨ ਕਰਨ ਦੀ ਪ੍ਰਕਿਰਿਆ ਹੋਈ ਤੇਜ਼

11/21/2017 5:58:31 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨੀ ਅਦਾਲਤ ਨੇ ਵਿੱਤ ਮੰਤਰੀ ਇਸਹਾਕ ਡਾਰ ਨੂੰ ਭਗੌੜਾ ਐਲਾਨ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ। ਡਾਰ ਵਿਰੁੱਧ ਪਨਾਮਾ ਪੇਪਰਸ ਮਾਮਲੇ ਵਿਚ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਜਵਾਬਦੇਹੀ ਅਦਾਲਤ ਦੇ ਜੱਜ ਬਸ਼ੀਰ ਮੁਹੰਮਦ ਬਸ਼ੀਰ ਨੇ ਮੰਗਲਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕੀਤੀ। ਇਸ ਦੌਰਾਨ 67 ਸਾਲਾ ਡਾਰ ਅਦਾਲਤ ਵਿਚ ਪੇਸ਼ ਨਹੀਂ ਹੋਏ। ਉਹ ਲੰਡਨ ਵਿਚ ਆਪਣਾ  ਇਲਾਜ ਕਰਵਾ ਰਹੇ ਹਨ। ਅਦਾਲਤ ਨੇ ਡਾਰ ਦੀ ਪੇਸ਼ੀ ਤੋਂ ਛੋਟ ਦਿੱਤੇ ਜਾਣ ਦੀ ਐਪਲੀਕੇਸ਼ਨ ਵੀ ਰੱਦ ਕਰ ਦਿੱਤੀ। ਅਦਾਲਤ ਨੇ ਡਾਰ ਦੇ ਪੇਸ਼ ਨਾ ਹੋਣ 'ਤੇ ਜਮਾਨਤਦਾਰ ਅਹਿਮਦ ਅਲੀ ਕੁਦੂਸੀ ਦੀ 50 ਲੱਖ ਰੁਪਏ ਦੀ ਜਮਾਨਤ ਰਾਸ਼ੀ ਜ਼ਬਤ ਕਰਨ ਸੰਬੰਧੀ ਨੋਟਿਸ ਜਾਰੀ ਕੀਤਾ। ਉਨ੍ਹਾਂ ਤੋਂ 24 ਨਵੰਬਰ ਤੱਕ ਇਸ ਬਾਰੇ ਵਿਚ ਜਵਾਬ ਮੰਗਿਆ ਗਿਆ ਹੈ। ਅਦਾਲਤ ਹੁਣ ਇਸ ਮਾਮਲੇ ਵਿਚ ਸੁਣਵਾਈ 4 ਦਸੰਬਰ ਨੂੰ ਕਰੇਗੀ।