ਟਰੂਡੋ ਦੇ ਫੈਸਲੇ ਕਾਰਨ ਨਿੱਜੀ ਤੌਰ ''ਤੇ ਸਪਾਂਸਰਸ਼ਿਪ ਭੇਜ ਕੇ ਲੋਕਾਂ ਨੂੰ ਕੈਨੇਡਾ ਸੱਦਣਾ ਹੋਇਆ ਔਖਾ

06/15/2017 6:04:23 PM

ਓਟਾਵਾ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਨੀਤੀਆਂ ਕਾਰਨ ਨਿੱਜੀ ਸਪਾਂਸਰਸ਼ਿਪ ਪ੍ਰੋਗਰਾਮ ਵਿਚ ਅਜਿਹਾ ਬੈਕਲਾਗ ਬਣ ਗਿਆ ਹੈ, ਜਿਸ ਨੂੰ ਦਰੁਸਤ ਕਰਨਾ ਮੁਸ਼ਕਿਲ ਹੋ ਗਿਆ ਹੈ। ਸਰਕਾਰ ਵੱਲੋਂ ਸੀਰੀਆ ਅਤੇ ਇਰਾਕ ਤੋਂ ਸ਼ਰਨਾਰਥੀਆਂ ਨੂੰ ਸੱਦਣ ਦੀ ਕੀਤੀ ਗਈ ਕਾਹਲੀ ਕਾਰਨ ਇਹ ਬੈਕਲਾਗ ਲੱਗਾ ਹੈ ਅਤੇ ਅਜਿਹੇ ਵਿਚ ਉਹ ਲੋਕ ਜਿਨ੍ਹਾਂ ਨੂੰ ਨਿੱਜੀ ਤੌਰ 'ਤੇ ਸਪਾਂਸਰਸ਼ਿਪ ਭੇਜ ਕੇ ਕੈਨੇਡਾ ਬੁਲਾਇਆ ਗਿਆ ਹੈ, ਉਨ੍ਹਾਂ ਦੀਆਂ ਅਰਜ਼ੀਆਂ 'ਤੇ ਕਾਰਵਾਈ ਹੋਣ ਵਿਚ ਲੰਬਾਂ ਸਮਾਂ ਲੱਗ ਰਿਹਾ ਹੈ। ਟਰੂਡੋ ਦੇ ਫੈਸਲੇ ਕਾਰਨ ਕਈ ਜ਼ਿੰਦਗੀਆਂ ਦਾਅ 'ਤੇ ਲੱਗ ਰਹੀਆਂ ਹਨ। ਇਨ੍ਹਾਂ ਵਿਚ ਉਹ ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਚੈਰਿਟੀਆਂ ਅਤੇ ਚਰਚਾਂ ਰਾਹੀਂ ਸਪਾਂਸਰ ਕੀਤਾ ਗਿਆ ਹੈ। 
ਟਰੂਡੋ ਸਰਕਾਰ ਨੇ ਸਰਕਾਰੀ ਤੌਰ 'ਤੇ 25000 ਸ਼ਰਨਾਰਥੀਆਂ ਦੇ ਮੁੜ ਵਸੇਬੇ ਅਤੇ ਪ੍ਰਾਈਵੇਟ ਤੌਰ 'ਤੇ 25000 ਸ਼ਰਨਾਰਥੀਆਂ ਦੇ ਮੁੜ ਵਸੇਬੇ ਦਾ ਟੀਚਾ ਮਿਥਿਆ ਗਿਆ ਸੀ, ਜਿਸ ਨੂੰ ਹਾਸਲ ਕਰ ਲਿਆ ਗਿਆ ਹੈ ਪਰ ਸਰਕਾਰ ਸਾਲ 2016-2017 ਦੇ ਸ਼ੁਰੂ ਵਿਚ ਨਿੱਜੀ ਤੌਰ 'ਤੇ ਸਪਾਂਸਰ ਕੀਤੇ ਸ਼ਰਨਾਰਥੀਆਂ ਅਤੇ ਪਰਵਾਸੀਆਂ ਦੇ ਬੈਕਲਾਗ ਨੂੰ ਖਤਮ ਕਰਨ ਦਾ ਟੀਚਾ ਪੂਰਾ ਨਹੀਂ ਕਰ ਸਕੀ। ਕਈ ਮਾਮਲਿਆਂ ਵਿਚ ਤਾਂ ਅਰਜ਼ੀਆਂ 'ਤੇ ਕਾਰਵਾਈ ਹੋਣ ਨੂੰ 56 ਮਹੀਨਿਆਂ ਦਾ ਸਮਾਂ ਲੱਗ ਜਾਂਦਾ ਹੈ। ਦੂਜੇ ਪਾਸੇ ਸਰਕਾਰੀ ਸਪਾਂਸਰ ਸ਼ਰਨਾਰਥੀਆਂ ਦੀਆਂ ਅਰਜ਼ੀਆਂ ਨੂੰ 15 ਮਹੀਨਿਆਂ ਵਿਚ ਕਲੀਅਰ ਕਰ ਦਿੱਤਾ ਜਾਂਦਾ ਹੈ। 
ਖਤਰੇ ਵਿਚ ਰਹਿ ਰਹੇ ਨੇ ਕਈ ਸ਼ਰਨਾਰਥੀ— 
ਮੰਨਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਸਪਾਂਸਰ ਕੀਤੇ ਜਾਣ ਵਾਲੇ ਸ਼ਰਨਾਰਥੀਆਂ 'ਚੋਂ ਜ਼ਿਆਦਾਤਰ ਨੂੰ ਕੋਈ ਖਤਰਾ ਨਹੀਂ ਹੈ ਕਿਉਂਕਿ ਉਨ੍ਹਾਂ 'ਚੋਂ ਜ਼ਿਆਦਾ ਇਰਾਕ ਅਤੇ ਸੀਰੀਆ ਵਿਚ ਜੰਗ ਵਾਲੀਆਂ ਥਾਵਾਂ 'ਤੋਂ ਦੂਰ ਰਹਿ ਰਹੇ ਹਨ। ਦੂਜੇ ਪਾਸੇ ਜੋ ਇਨ੍ਹਾਂ ਹਾਲਾਤ ਦਾ ਸਾਹਮਣਾ ਕਰ ਰਹੇ ਹਨ ਅਤੇ ਜਿਨ੍ਹਾਂ ਨੂੰ ਛੇਤੀ ਤੋਂ ਛੇਤੀ ਸਪਾਂਸਰਸ਼ਿਪ ਦੀ ਲੋੜ ਹੈ, ਉਨ੍ਹਾਂ ਦੀਆਂ ਅਰਜ਼ੀਆਂ ਵਿਚ ਦੇਰੀ ਹੋ ਰਹੀ ਹੈ ਕਿਉਂਕਿ ਉਹ ਸਰਕਾਰ ਤੋਂ ਪਹਿਲਾਂ ਹੀ ਨਿੱਜੀ ਤੌਰ 'ਤੇ ਸਪਾਂਸਰਸ਼ਿਪ ਲਈ ਅਪਲਾਈ ਕਰ ਚੁੱਕੇ ਹਨ।

Kulvinder Mahi

This news is News Editor Kulvinder Mahi