ਨੇਵੀ ਅਧਿਕਾਰੀ ਨੂੰ ਸਸਪੈਂਡ ਕਰਨ ਦੇ ਫੈਸਲੇ ''ਤੇ ਪ੍ਰਧਾਨ ਮੰਤਰੀ ਟਰੂਡੋ ਨੇ ਦਿੱਤੀ ਸਹਿਮਤੀ

04/08/2017 10:42:30 AM

ਓਟਾਵਾ— ਕੈਨੇਡਾ ''ਚ ਕੈਬਨਿਟ ਦੀ ਗੁਪਤ ਜਾਣਕਾਰੀ ਨੂੰ ਲੀਕ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਦੇਸ਼ ਦੇ ਉੱਘੇ ਨੇਵੀ ਅਧਿਕਾਰੀ ਵਾਈਸ ਐਡਮਿਰਲ ਮਾਰਕ ਨੌਰਮਨ ਦੋਸ਼ੀ ਪਾਇਆ ਗਿਆ ਸੀ। ਉਸ ਨੂੰ ''ਚੀਫ ਆਫ ਡਿਫੈਂਸ ਸਟਾਫ'' ਵੱਲੋਂ ਸਸਪੈਂਡ ਕੀਤਾ ਗਿਆ ਸੀ ਅਤੇ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ''ਤੇ ਆਪਣੀ ਸਹਿਮਤੀ ਦੇ ਦਿੱਤੀ ਹੈ।
ਦੱਸਣਯੋਗ ਹੈ ਕਿ ਨੌਰਮਨ ਕੈਨੇਡੀਅਨ ਹਥਿਆਰਬੰਦ ਫੌਜ ''ਚ ਦੂਜੇ ਨੰਬਰ ਉੱਤੇ ਉੱਚ ਦਰਜੇ ਵਾਲੇ ਅਧਿਕਾਰੀ ਸਨ।  ਉਸ ਨੂੰ ਜਨਰਲ ਜੌਨਾਥਨ ਵਾਂਸ ਵੱਲੋਂ 9 ਜਨਵਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਇਹ ਫੈਸਲਾ 15 ਮਹੀਨੇ ਦੀ ਜਾਂਚ ਤੋਂ ਬਾਅਦ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਉਹ ਪਹਿਲਾਂ ਵੀ ਦੱਸ ਚੁੱਕੇ ਹਨ ਕਿ ਉਹ ਚੀਫ ਆਫ ਡਿਫੈਂਸ ਸਟਾਫ ਦੇ ਫੈਸਲੇ ਦਾ ਸਮਰਥਨ ਕਰਦੇ ਹਨ। ਇਹ ਬਹੁਤ ਖਾਸ ਮਾਮਲਾ ਹੈ। ਉਨ੍ਹਾਂ ਕਿਹਾ ਕਿ ਜਾਂਚ ਸੰਬੰਧੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਇਹ ਮਾਮਲਾ ਅਦਾਲਤ ''ਚ ਹੀ ਨਜਿੱਠੇ ਜਾਣ ਦੀ ਉਮੀਦ ਹੈ ਤੇ ਇਸ ਲਈ ਉਹ ਇਸ ਸੰਬੰਧ ਵਿੱਚ ਕੋਈ ਹੋਰ ਟਿੱਪਣੀ ਨਹੀਂ ਕਰਨਗੇ।
ਦੂਜੇ ਪਾਸੇ ਨੌਰਮਨ ਦੇ ਵਕੀਲ ਮੈਰੀ ਹੈਨੀਅਨ ਨੇ ਟਰੂਡੋ ਦੀ ਇਸ ਟਿੱਪਣੀ ਨੂੰ ਅਢੁਕਵਾਂ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਮੇਤ ਹੋਰ ਸਿਆਸਤਦਾਨਾਂ ਨੂੰ ਇਸ ਤਰ੍ਹਾਂ ਦੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਕਿ ਕੋਈ ਮਾਮਲਾ ਅਦਾਲਤ ਵਿੱਚ ਜਾਵੇਗਾ ਜਾਂ ਨਹੀਂ। ਇਸ ਸੰਬੰਧੀ ਫੈਸਲਾ ਕਰਨਾ ਪੁਲਸ ਅਤੇ ਕਈ ਵਾਰੀ ਕ੍ਰਾਊਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।