ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਸਾਥ ਦੇਣ ਲਈ ਪ੍ਰਵਾਸੀ ਕਾਮਿਆਂ ਦਾ ਕੀਤਾ ਧੰਨਵਾਦ

12/18/2020 8:39:23 PM

ਸਿੰਗਾਪੁਰ- ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨੇ ਪ੍ਰਵਾਸੀ ਕਾਮਿਆਂ ਦਾ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਨੇ ਕੋਰੋਨਾ ਦੌਰਾਨ ਉਨ੍ਹਾਂ 'ਤੇ ਵਿਸ਼ਵਾਸ ਕੀਤੇ ਤੇ ਆਪਣਾ ਸਮਰਥਨ ਦਿੱਤਾ। 

ਉਨ੍ਹਾਂ ਕਿਹਾ ਕਿ ਹੋਰ ਸਿੰਗਾਪੁਰ ਵਾਸੀਆਂ ਦੀ ਤਰ੍ਹਾਂ ਉਨ੍ਹਾਂ ਦੀ ਵੀ ਦੇਖ-ਭਾਲ ਕੀਤੀ ਜਾਵੇਗੀ। ਕੌਮਾਂਤਰੀ ਪ੍ਰਵਾਸੀ ਦਿਵਸ 'ਤੇ ਜਾਰੀ ਵੀਡੀਓ ਸੰਦੇਸ਼ ਵਿਚ ਪ੍ਰਧਾਨ ਮੰਤਰੀ ਲੀ ਨੇ ਕਿਹਾ ਕਿ ਸਥਿਤੀ ਨੂੰ ਸਥਿਰ ਕਰਨ ਲਈ ਸਖ਼ਤ ਕੋਸ਼ਿਸ਼ਾਂ ਕਰਨੀਆਂ ਪਈਆਂ ਤੇ ਹੁਣ ਪ੍ਰਵਾਸੀ ਵਾਇਰਸ ਤੋਂ ਸੁਰੱਖਿਅਤ ਅਤੇ ਸਿਹਤਮੰਦ ਹਨ। ਦੱਖਣੀ ਏਸ਼ੀਆ ਅਤੇ ਦੱਖਣ ਪੂਰਬੀ ਏਸ਼ੀਆ ਦੇ ਦੇਸ਼ਾਂ ਤੋਂ ਆਏ ਵਧੇਰੇ ਪ੍ਰਵਾਸੀਆਂ ਨੂੰ ਲੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਸਿੰਗਾਪੁਰ ਦੇ ਹੋਰ ਨਾਗਰਿਕਾਂ ਵਾਂਗ ਰੱਖਿਆ ਜਾਵੇਗਾ।

ਉਨ੍ਹਾਂ ਭਰੋਸਾ ਦਿੰਦੇ ਹੋਏ ਕਿਹਾ,"ਸਾਡੇ ਸਮਾਜ ਵਿਚ ਤੁਸੀਂ ਸਨਮਾਨਤ ਮੈਂਬਰ ਹੋ। ਜੇਕਰ ਤੁਸੀਂ ਬੀਮਾਰ ਹੁੰਦੇ ਹੋ ਤਾਂ ਅਸੀਂ ਸੁਨਿਸ਼ਚਿਤ ਕਰਾਂਗੇ ਕਿ ਤੁਹਾਨੂੰ ਸਿਹਤ ਸੇਵਾਵਾਂ ਮਿਲਣ, ਤੁਸੀਂ ਆਪਣੇ ਪਰਿਵਾਰ ਦੇ ਸੰਪਰਕ ਵਿਚ ਰਹੋ ਤੇ ਜਿੰਨੀ ਜਲਦੀ ਹੋ ਸਕੇ ਕੰਮ 'ਤੇ ਪਰਤੋ।"

ਜ਼ਿਕਰਯੋਗ ਹੈ ਕਿ ਸਿੰਗਾਪੁਰ ਦੇ ਸਮੁੰਦਰੀ ਅਤੇ ਨਿਰਮਾਣ ਖੇਤਰ ਦੇ ਕੰਮ ਵਿਚ ਪ੍ਰਵਾਸੀ ਕਾਮਿਆਂ ਦੀ ਗਿਣਤੀ ਵਧੇਰੇ ਹੈ। ਲੀ ਨੇ ਕਿਹਾ ਕਿ ਕੋਰੋਨਾ ਦੌਰਾਨ ਮੁਸ਼ਕਲ ਦੌਰ ਤੋਂ ਲੰਘਣ ਦੇ ਬਾਵਜੂਦ ਭਰੋਸਾ, ਸੰਯਮ ਅਤੇ ਸਮਰਥਨ ਕਾਇਮ ਰੱਖਣ ਲਈ ਅਸੀਂ ਪ੍ਰਵਾਸੀ ਕਾਮਿਆਂ ਦਾ ਧੰਨਵਾਦ ਕਰਦੇ ਹਾਂ। ਦੱਸ ਦਈਏ ਕਿ ਸਿੰਗਾਪੁਰ ਵਿਚ ਕੋਰੋਨਾ ਦੇ ਸੰਕਰਮਣ ਦਾ ਪਹਿਲਾ ਮਾਮਲਾ ਇਸ ਸਾਲ ਜਨਵਰੀ ਵਿਚ ਸਾਹਮਣੇ ਆਇਆ ਸੀ ਅਤੇ ਹੁਣ ਤੱਕ 58,341 ਲੋਕਾਂ ਦੇ ਵਾਇਰਸ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚੋਂ 93 ਫ਼ੀਸਦੀ ਪ੍ਰਵਾਸੀ ਕਾਮੇ ਹਨ। 

Sanjeev

This news is Content Editor Sanjeev