24 ਨੂੰ ਭਾਰਤ ਆਉਣਗੇ USA ਰਾਸ਼ਟਰਪਤੀ, ਪਾਕਿ ਨੂੰ ਲੱਗ ਸਕਦਾ ਹੈ ਤੜਿੰਗ

02/11/2020 9:09:48 AM

ਵਾਸ਼ਿੰਗਟਨ/ਨਵੀਂ ਦਿੱਲੀ—  ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਨਾਲ ਪਾਕਿਸਤਾਨ ਨੂੰ ਤੜਿੰਗ ਲੱਗ ਸਕਦਾ ਹੈ। ਵ੍ਹਾਈਟ ਹਾਊਸ ਨੇ ਐਲਾਨ ਕੀਤਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਤੋਂ ਭਾਰਤ ਦੇ ਦੋ ਦਿਨਾਂ ਦੌਰਾ 'ਤੇ ਜਾ ਰਹੇ ਹਨ। ਇਸ ਦੌਰਾਨ ਉਹ ਰਾਜਧਾਨੀ ਨਵੀਂ ਦਿੱਲੀ ਦੇ ਨਾਲ-ਨਾਲ ਗੁਜਰਾਤ 'ਚ ਵੀ ਰੁਕਣਗੇ। ਭਾਰਤ ਅਤੇ ਯੂ. ਐੱਸ. ਦੀ ਮਿੱਤਰਤਾ 'ਚ ਇਹ ਇਕ ਮਹੱਤਵਪੂਰਨ ਕਦਮ ਹੈ।

 

ਯੂ. ਐੱਸ. ਰਾਸ਼ਟਰਪਤੀ ਦੇ ਤੌਰ 'ਤੇ ਟਰੰਪ ਦਾ ਇਹ ਪਹਿਲਾ ਦੌਰਾ ਹੋਵੇਗਾ। ਇਸ ਯਾਤਰਾ ਦੌਰਾਨ ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ ਅਤੇ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਦੇ ਨਾਲ ਹੋਣਗੇ। ਇਸ ਤੋਂ ਪਹਿਲਾਂ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੋ ਵਾਰ ਭਾਰਤ ਆਏ ਸਨ। ਬਰਾਕ ਓਬਾਮਾ ਨੇ ਪਹਿਲੀ ਵਾਰ 2010 'ਚ ਭਾਰਤ ਦਾ ਦੌਰਾ ਕੀਤਾ ਸੀ, ਜਿਸ ਤੋਂ ਬਾਅਦ ਉਹ 2015 'ਚ ਦੁਬਾਰਾ ਭਾਰਤ ਆਏ ਸਨ।

ਗੁਜਰਾਤ ਸਰਕਾਰ ਨੇ ਵੀ ਟਰੰਪ ਦੀ ਯਾਤਰਾ ਦੇ ਮੱਦੇਨਜ਼ਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਹਿਮਦਾਬਾਦ 'ਚ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ 'ਸਰਦਾਰ ਪਟੇਲ ਸਟੇਡੀਅਮ' ਦਾ ਉਦਘਾਟਨ ਟਰੰਪ ਵੱਲੋਂ ਕੀਤਾ ਜਾ ਸਕਦਾ ਹੈ। ਗੁਜਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗ੍ਰਹਿ ਸੂਬਾ ਤੇ ਆਜ਼ਾਦੀ ਦੇ ਪ੍ਰਤੀਕ ਮਹਾਤਮਾ ਗਾਂਧੀ ਦਾ ਘਰ ਵੀ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਟਰੰਪ ਤੇ ਮੋਦੀ ਵਿਚਕਾਰ ਪਿਛਲੇ ਹਫਤੇ ਦੇ ਅੰਤ 'ਚ ਟੈਲੀਫੋਨ 'ਤੇ ਗੱਲਬਾਤ ਹੋਈ ਹੈ। ਇਸ ਤੋਂ ਪਹਿਲਾਂ ਹਿਊਸਟਨ 'ਚ ਮੋਦੀ ਤੇ ਟਰੰਪ ਵਿਚਕਾਰ ਮੁਲਾਕਾਤ ਹੋਈ ਸੀ।