ਜੌਰਜ ਐੱਚ. ਡਬਲਊ. ਬੁਸ਼ ਬਣੇ ਪਹਿਲੇ ਬਜ਼ੁਰਗ ਸਾਬਕਾ ਅਮਰੀਕੀ ਰਾਸ਼ਟਰਪਤੀ

Wednesday, Jun 13, 2018 - 01:50 PM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਐੱਚ.ਡਬਲਊ. ਬੁਸ਼ ਅੱਜ ਭਾਵ ਬੁੱਧਵਾਰ ਨੂੰ ਆਪਣਾ 94ਵਾਂ ਜਨਮਦਿਨ ਮਨਾ ਰਹੇ ਹਨ। ਇਸ ਦੇ ਨਾਲ ਹੀ ਉਹ ਇਸ ਉਮਰ ਤੱਕ ਪਹੁੰਚਣ ਵਾਲੇ ਅਮਰੀਕਾ ਦੇ ਪਹਿਲੇ ਸਾਬਕਾ ਰਾਸ਼ਟਰਪਤੀ ਬਣ ਗਏ ਹਨ। ਚੀਫ ਆਫ ਸਟਾਫ ਜੀਨ ਬੇਕਰ ਨੇ ਦੱਸਿਆ ਕਿ ਦੇਸ਼ ਦੇ 41ਵੇਂ ਰਾਸ਼ਟਰਪਤੀ ਨੂੰ ਜਨਮਦਿਨ ਦੇ ਸ਼ੁੱਭਕਾਮਨਾ ਸੰਦੇਸ਼ ਮਿਲ ਰਹੇ ਹਨ। ਬੀ.ਪੀ. ਘੱਟ ਹੋਣ ਕਾਰਨ ਉਹ ਹਸਪਤਾਲ ਵਿਚ ਭਰਤੀ ਸਨ। 
ਉੱਥੋਂ ਛੁੱਟੀ ਮਿਲਣ ਮਗਰੋਂ ਬੀਤੇ 8 ਦਿਨ ਤੋਂ ਉਹ ਸਮੁੰਦਰ ਕਿਨਾਰੇ ਸਥਿਤ ਆਪਣੇ ਘਰ ਵਿਚ ਆਰਾਮ ਕਰ ਰਹੇ ਹਨ। ਬੁਸ਼ ਦੇ ਦਫਤਰ ਨੇ ਇਕ ਪੱਤਰ ਜਾਰੀ ਕੀਤਾ ਹੈ ਜਿਸ ਵਿਚ ਸਾਬਕਾ ਰਾਸ਼ਟਰਪਤੀ ਨੇ ਆਪਣੇ ਜੀਵਨ ਦੇ 95ਵੇਂ ਸਾਲ ਦੇ ਪਹਿਲੇ ਦਿਨ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਹੈ,''ਜਿਵੇਂ ਕਿ ਤੁਸੀਂ ਜਾਣਦੇ ਹੋ ਕਈ ਸਾਲਾਂ ਤੋਂ ਮੈਂ ਇਹ ਕਹਿੰਦਾ ਆਇਆ ਹਾਂ ਕਿ ਮੇਰੇ ਜੀਵਨ ਵਿਚ ਤਿੰਨ ਮਹੱਤਵਪੂਰਣ ਚੀਜ਼ਾਂ ਵਿਸ਼ਵਾਸ, ਪਰਿਵਾਰ ਅਤੇ ਦੋਸਤ ਹਨ।'' ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਦੇ ਕਈ ਬੱਚੇ ਸ਼ਹਿਰ ਵਿਚ ਹਨ, ਇਸ ਵਿਚ ਸਾਬਕਾ ਰਾਸ਼ਟਰਪਤੀ ਜੌਰਜ ਡਬਲਊ ਬੁਸ਼ ਵੀ ਸ਼ਾਮਲ ਹਨ। ਜੌਰਜ ਡਬਲਊ ਬੁਸ਼ ਨੇ ਇੰਸਟਾਗ੍ਰਾਮ 'ਤੇ ਆਪਣੇ ਪਿਤਾ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। ਬੁਲਾਰਾ ਜਿਮ ਮੈਕਗ੍ਰਾਥ ਨੇ ਕਿਹਾ ਕਿ ਬੁਸ਼ ਕਈ ਮਹੀਨੇ ਪਹਿਲਾਂ ਹੀ ਸਭ ਤੋਂ ਉਮਰ ਦਰਾਜ਼ ਸਾਬਕਾ ਰਾਸ਼ਟਰਪਤੀ ਬਣੇ ਸਨ ਅਤੇ ਅਜਿਹੇ ਪਹਿਲੇ ਸਾਬਕਾ ਰਾਸ਼ਟਰਪਤੀ ਹਨ ਜੋ ਆਪਣਾ 94ਵਾਂ ਜਨਮਦਿਨ ਮਨਾ ਰਹੇ ਹਨ।


Related News