ਬੈਲਜੀਅਮ ''ਚ ਕੱਚੇ ਪੰਜਾਬੀਆਂ ਦੀਆਂ ਮੁਸ਼ਕਲਾਂ ਬਾਰੇ ਮਹਾਰਾਣੀ ਪ੍ਰਨੀਤ ਕੌਰ ਨਾਲ ਮੁਲਾਕਾਤ

01/18/2020 12:45:51 PM

ਰੋਮ, (ਕੈਂਥ)— ਕੁੱਝ ਸਮੇਂ ਤੋਂ ਬੈਲਜੀਅਮ ਰਹਿੰਦੇ ਕੱਚੇ ਭਾਰਤੀਆਂ ਨੂੰ ਭਾਰਤੀ ਦੂਤਘਰ ਬਰਸਲਜ਼ ਵੱਲੋਂ ਨਵੇਂ ਭਾਰਤੀ ਪਾਸਪੋਰਟ ਨਹੀਂ ਮਿਲ ਰਹੇ ਤੇ ਨਾ ਹੀ ਮਿਆਦ ਪੁਗਾ ਚੁੱਕੇ ਪਾਸਪੋਰਟਾਂ ਦੀ ਮਿਆਦ ਵਧਾਈ ਜਾ ਰਹੀ ਹੈ, ਇਨ੍ਹਾਂ ਵਿੱਚ ਬਹੁਗਿਣਤੀ ਪੰਜਾਬੀਆਂ ਦੀ ਹੈ। ਪਾਸਪੋਰਟਾਂ ਦੀ ਇਸ ਸਮੱਸਿਆ ਕਾਰਨ ਬਹੁਤੇ ਲੋਕੀਂ ਪੱਕੇ ਹੋਣੇ ਰਹਿ ਜਾਂਦੇ ਹਨ ਜਾਂ ਯੂਰਪ ਦੇ ਕਿਸੇ ਹੋਰ ਦੇਸ਼ ਵਿਚਲੇ ਭਾਰਤੀ ਦੂਤਘਰ 'ਤੋਂ ਕੋਈ ਜੁਗਾੜ ਲਗਾ ਕੇ ਭਾਰਤੀ ਪਾਸਪੋਰਟ ਹਾਸਲ ਕਰਦੇ ਹਨ ਜੋ ਬਹੁਤਾ ਸਸਤਾ ਸੌਦਾ ਨਹੀ ਹੁੰਦਾ। ਬੈਲਜੀਅਮ ਰਹਿੰਦੇ ਪਾਵਰਵੇਟਲਿਫਟਰ ਸ੍ਰੀ ਤੀਰਥ ਰਾਮ ਅਤੇ ਪੈਪਸੂ ਰੋਡਵੇਜ਼ ਦੇ ਨਵਨਿਯੁਕਤ ਡਾਇਰੈਕਟਰ ਸ੍ਰੀ ਪ੍ਰਸੋਤਮ ਲਾਲ ਖ਼ਲੀਫਾ ਨੇ ਪਟਿਆਲਾ 'ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੂੰ ਮਿਲ ਕੇ ਇਸ ਸਮੱਸਿਆ ਦੇ ਹੱਲ ਲਈ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਨ ਲਈ ਇੱਕ ਮੰਗ ਪੱਤਰ ਸੌਂਪਿਆ ਹੈ।

ਕਾਂਗਰਸੀ ਆਗੂ ਸ੍ਰੀ ਤੀਰਥ ਰਾਮ ਦਾ ਕਹਿਣਾ ਹੈ ਕਿ ਬਹੁਤੇ ਭਾਰਤੀਆਂ 'ਚੋਂ ਜ਼ਿਆਦਾਤਰ ਪੰਜਾਬੀ ਹਨ। ਇਸ ਕਰਕੇ ਅਸੀਂ ਮਹਾਰਾਣੀ ਪ੍ਰਨੀਤ ਕੌਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੇਨਤੀ ਕਰਦੇ ਹਾਂ ਕਿ ਪੰਜਾਬ ਸਰਕਾਰ ਵੀ ਇਸ ਮਾਮਲੇ ਵਿੱਚ ਦਖਲ ਦੇਵੇ ਤਾਂ ਜੋ ਬਾਕੀ ਮੁਲਕਾਂ ਵਾਂਗ ਬੈਲਜੀਅਮ ਵਿਚਲਾ ਭਾਰਤੀ ਦੂਤਘਰ ਵੀ ਕੱਚੇ ਭਾਰਤੀਆਂ ਨੂੰ ਪਾਸਪੋਰਟ ਨਵਿਆਉਣ ਦੀ ਸਹੂਲਤ ਪ੍ਰਦਾਨ ਕਰੇ। ਸ੍ਰੀ ਰਾਮ ਨੇ ਮਹਾਰਾਣੀ ਦਾ ਵਿਸੇਸ਼ 'ਤੌਰ 'ਤੇ ਧੰਨਵਾਦ ਵੀ ਕੀਤਾ ਕਿ ਉਨ੍ਹਾਂ ਨੇ ਕੁੱਝ ਮਹੀਨੇ ਪਹਿਲਾਂ ਇਕ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ ਪੰਜਾਬ ਮੰਗਵਾਉਣ ਵਿੱਚ ਦਖਲ ਦੇ ਕੇ ਲੋੜੀਂਦੀ ਮਦਦ ਕੀਤੀ ਸੀ ਜਿਸ ਕਰਕੇ ਨੌਜਵਾਨ ਦਾ ਸੰਸਕਾਰ ਉਸ ਦੇ ਪਿੰਡ ਹੋ ਸਕਿਆ। ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਉਹ ਇਸ ਸਮੱਸਿਆ ਦੇ ਹੱਲ ਲਈ ਜਲਦੀ ਵਿਦੇਸ਼ ਵਿਭਾਗ ਨਾਲ ਸੰਪਰਕ ਕਰਨਗੇ। ਮਹਾਰਾਣੀ ਨਾਲ ਮੁਲਾਕਾਤ ਸਮੇਂ ਸ੍ਰੀ ਤੀਰਥ ਰਾਮ ਅਤੇ ਸ੍ਰੀ ਪ੍ਰਸੋਤਮ ਲਾਲ ਖ਼ਲੀਫਾ 'ਤੋਂ ਇਲਾਵਾ ਬਾਡੀ ਬਿਲਡਰ ਕਰਨ ਕਪਿਲਾ ਵੀ ਨਾਲ ਸਨ।


Related News