ਗਰਭਵਤੀ ਔਰਤਾਂ ਨੂੰ ਰਹਿੰਦਾ ਹੈ ਨੌਕਰੀ ਤੋਂ ਕੱਢੇ ਜਾਣ ਦਾ ਡਰ

04/22/2019 9:15:22 PM

ਨਿਊਯਾਰਕ— ਜ਼ਿਆਦਾਤਰ ਕੰਮਕਾਜੀ ਔਰਤਾਂ ਨੂੰ ਅਜਿਹਾ ਲੱਗਦਾ ਹੈ ਕਿ ਗਰਭਵਤੀ ਹੋਣ 'ਤੇ ਉਨ੍ਹਾਂ ਦੀ ਨੌਕਰੀ ਨੂੰ ਖਤਰਾ ਹੋ ਸਕਦਾ ਹੈ ਅਤੇ ਉਨ੍ਹਾਂ ਨੂੰ ਕੰਮ ਤੋਂ ਕੱਢਿਆ ਜਾ ਸਕਦਾ ਹੈ। ਉਥੇ ਹੀ ਦੂਜੇ ਪਾਸੇ ਪਿਤਾ ਬਣਨ ਵਾਲੇ ਮਰਦਾਂ ਨੂੰ ਅਕਸਰ ਨੌਕਰੀ ਜਾਂ ਵਰਕਪਲੇਸ 'ਤੇ ਉਤਸ਼ਾਹ ਮਿਲਦਾ ਹੈ। ਅਜਿਹਾ ਅਸੀਂ ਨਹੀਂ ਕਹਿ ਰਹੇ ਸਗੋਂ ਹਾਲ ਹੀ 'ਚ ਹੋਈ ਇਕ ਸਟੱਡੀ ਦੇ ਖੋਜਕਾਰਾਂ ਦਾ ਅਜਿਹਾ ਕਹਿਣਾ ਹੈ।

ਗਰਭ ਅਵਸਥਾ ਦੌਰਾਨ ਨੌਕਰੀ ਤੋਂ ਕੱਢੇ ਜਾਣ ਦਾ ਡਰ
ਇਕ ਨਵੀਂ ਖੋਜ ਨਾਲ ਜੁੜੇ ਨਤੀਜਿਆਂ ਨੂੰ ਅਪਲਾਈਡ ਸਾਈਕਾਲੋਜੀ ਨਾਂ ਦੇ ਜਨਰਲ 'ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਸਟੱਡੀ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਮਾਂ ਬਣਨ ਵਾਲੀਆਂ ਔਰਤਾਂ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਹੁਣ ਵਰਕ ਪਲੇਸ 'ਤੇ ਉਨ੍ਹਾਂ ਦਾ ਚੰਗੀ ਤਰ੍ਹਾਂ ਸਵਾਗਤ ਨਹੀਂ ਕੀਤਾ ਜਾਵੇਗਾ। ਫਲੋਰਿਡਾ ਸਟੇਟ ਯੂਨੀਵਰਸਿਟੀ ਦੇ ਖੋਜਕਾਰਾਂ ਦਾ ਕਹਿਣਾ ਹੈ ਇਹ ਉਨ੍ਹਾਂ ਔਰਤਾਂ 'ਤੇ ਕੀਤਾ ਗਿਆ ਪਹਿਲਾ ਅਧਿਐਨ ਹੈ, ਜਿਨ੍ਹਾਂ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਗਰਭ ਅਵਸਥਾ ਦੌਰਾਨ ਉਨ੍ਹਾਂ ਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ ਜਾਵੇ।

ਵਰਕ ਪਲੇਸ 'ਤੇ ਘੱਟ ਮਿਲਦੈ ਉਤਸ਼ਾਹ
ਮੈਨੇਜਮੈਂਟ ਦੇ ਸਹਾਇਕ ਅਧਿਆਪਕ ਪੁਸਟੀਅਨ ਅੰਡਰਡਾਲ ਨੇ ਕਿਹਾ ਕਿ ਅਸੀਂ ਦੇਖਿਆ ਕਿ ਔਰਤਾਂ ਨੇ ਜਦੋਂ ਆਪਣੇ ਗਰਭਵਤੀ ਹੋਣ ਦਾ ਖੁਲਾਸਾ ਕੀਤਾ ਤਾਂ ਉਨ੍ਹਾਂ ਨੇ ਆਪਣੇ ਆਫਿਸ ਅਤੇ ਵਰਕਪਲੇਸ 'ਤੇ ਉਤਸ਼ਾਹ ਦਾ ਤਜਰਬਾ ਘੱਟ ਕੀਤਾ। ਜਦੋਂ ਔਰਤਾਂ ਨੇ ਇਸ ਗੱਲ ਦਾ ਜ਼ਿਕਰ ਆਪਣੇ ਮੈਨੇਜਰ ਜਾਂ ਸਾਥੀ ਵਰਕਰ ਨਾਲ ਕੀਤਾ ਤਾਂ ਅਸੀਂ ਦੇਖਿਆ ਕਿ ਉਨ੍ਹਾਂ ਨੂੰ ਕਰੀਅਰ ਦੇ ਖੇਤਰ 'ਚ ਉਤਸ਼ਾਹ ਦਿੱਤੇ ਜਾਣ ਦੀ ਦਰ 'ਚ ਕਮੀ ਆਈ ਜਦੋਂ ਕਿ ਮਰਦਾਂ ਨੂੰ ਉਤਸ਼ਾਹਿਤ ਕੀਤੇ ਜਾਣ ਦੀ ਦਰ 'ਚ ਵਾਧਾ ਹੋਇਆ।

ਨਿੱਜੀ ਜ਼ਿੰਦਗੀ ਅਤੇ ਕਰੀਅਰ 'ਚ ਕਈ ਤਰ੍ਹਾਂ ਦੇ ਬਦਲਾਅ
ਨਤੀਜੇ 'ਤੇ ਪਹੁੰਚਣ ਲਈ ਪੁਸਟੀਅਨ ਨੇ ਦੋ ਸਿਧਾਤਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ। ਪਹਿਲੇ 'ਚ ਇਹ ਦੇਖਿਆ ਗਿਆ ਕਿ ਗਰਭਵਤੀ ਔਰਤਾਂ ਨੂੰ ਨੌਕਰੀ ਤੋਂ ਕੱਢੇ ਜਾਣ ਦਾ ਡਰ ਰਹਿੰਦਾ ਹੈ। ਦੂਜੇ 'ਚ ਪੁਸਟੀਅਨ ਨੇ ਦੇਖਿਆ ਕਿ ਔਰਤਾਂ ਨੂੰ ਅਜਿਹਾ ਇਸ ਕਾਰਨ ਲੱਗਦਾ ਹੈ ਕਿਉਂਕਿ ਗਰਭ ਅਵਸਥਾ ਦੌਰਾਨ ਨਿੱਜੀ ਜ਼ਿੰਦਗੀ ਅਤੇ ਕਰੀਅਰ ਦੇ ਖੇਤਰ 'ਚ ਕਈ ਬਦਲਾਅ ਆਉਂਦੇ ਹਨ। ਖੋਜ 'ਚ ਕੁਝ ਨਵੀਆਂ ਗੱਲਾਂ ਦੱਸੀਆਂ ਗਈਆਂ ਹਨ ਕਿ ਗਰਭਵਤੀ ਔਰਤਾਂ ਨਾਲ ਵਰਕ ਪਲੇਸ 'ਤੇ ਕਿਸ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ।

ਕਰੀਅਰ ਨਾਲ ਜੁੜੀ ਹਰ ਸੰਭਵ ਮਦਦ ਮਿਲਣੀ ਚਾਹੀਦੀ ਹੈ
ਪੁਸਟੀਅਨ ਮੁਤਾਬਕ ਮਾਂ ਵਾਲੀਆਂ ਔਰਤਾਂ ਪ੍ਰਤੀ ਕਰੀਅਰ ਨਾਲ ਜੁੜੇ ਉਤਸ਼ਾਹ ਨੂੰ ਘੱਟ ਨਹੀਂ ਕੀਤਾ ਜਾਣਾ ਚਾਹੀਦਾ। ਇਸ ਦੇ ਨਾਲ ਹੀ ਮੈਨੇਜਰਸ ਨੂੰ ਮਾਤਾ ਅਤੇ ਪਿਤਾ ਦੋਹਾਂ ਨੂੰ ਹੀ ਸਮਾਜਿਕ ਅਤੇ ਕਰੀਅਰ ਨਾਲ ਜੁੜੀ ਹਰ ਸੰਭਵ ਮਦਦ ਪ੍ਰਦਾਨ ਕਰਨੀ ਚਾਹੀਦੀ ਹੈ ਤਾਂ ਕਿ ਕੰਮ ਅਤੇ ਪਰਿਵਾਰ ਨਾਲ ਜੁੜੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਣ 'ਚ ਉਨ੍ਹਾਂ ਨੂੰ ਮਦਦ ਮਿਲੇ।

Baljit Singh

This news is Content Editor Baljit Singh