US ਚੋਣਾਂ: 35 ਸਾਲਾਂ ਤੋਂ ਭਵਿੱਖਬਾਣੀ ਕਰਨ ਵਾਲੇ ਸ਼ਖਸ ਨੇ ਦੱਸਿਆ ਕੌਣ ਹੋਵੇਗਾ ਅਗਲਾ ਰਾਸ਼ਟਰਪਤੀ

10/14/2020 9:59:24 AM

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਚੋਣ ਨਤੀਜਿਆਂ ਦੀ ਹਰ ਕੋਈ ਭਵਿੱਖਵਾਣੀ ਕਰ ਰਿਹਾ ਹੈ ਪਰ ਸਾਰੀਆਂ ਨਿਗਾਹਾਂ ਉਸ ਵਿਅਕਤੀ 'ਤੇ ਹਨ, ਜੋ 1984 ਤੋਂ ਇਸ ਦੀ ਸਟੀਕ ਭਵਿੱਖਬਾਣੀ ਕਰ ਰਹੇ ਹਨ। ਉਨ੍ਹਾਂ ਦਾ ਨਾਂ ਐਲਨ ਲਿਚਮੈਨ ਹੈ। 

ਇਤਿਹਾਸ ਦੇ ਪ੍ਰੋਫੈਸਰ ਲਿਚਮੈਨ ਦੀ ਗਿਣਤੀ ਖਾਸ ਵਿਅਕਤੀਆਂ ਵਿਚ ਹੁੰਦੀ ਹੈ। ਉਨ੍ਹਾਂ ਪਿਛਲੇ 35 ਸਾਲਾਂ ਤੋਂ ਹੁਣ ਤਕ ਸਾਰੀਆਂ ਅਮਰੀਕੀ ਚੋਣਾਂ ਦੀ ਸਹੀ ਭਵਿੱਖਵਾਣੀ ਕੀਤੀ ਹੈ। ਇਸ ਸਾਲ ਵ੍ਹਾਈਟ ਹਾਊਸ ਦੀ ਦੌੜ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਾਈਡੇਨ ਵਿਚਕਾਰ ਹੈ। 

ਮੀਡੀਆ ਰਿਪੋਰਟ ਮੁਤਾਬਕ ਲਿਚਮੈਨ ਨੇ ਚੋਣ ਭਵਿੱਖਬਾਣੀ ਲਈ 'ਦਿ ਕੀਜ਼ ਟੂ ਦਿ ਵ੍ਹਾਈਟ ਹਾਊਸ' ਨਾਮ ਤੋਂ ਇਕ ਸਿਸਟਮ ਵਿਕਸਿਤ ਕੀਤਾ ਹੈ। ਇਸ ਨੂੰ 13 ਕੀਜ਼ ਮਾਡਲ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਇਸ ਦੇ ਲਈ 13 ਸਵਾਲਾਂ ਦੇ ਮੁੱਦਿਆਂ ਦਾ ਮਾਡਲ ਤਿਆਰ ਕੀਤਾ ਹੈ ਤੇ ਇਸ ਨਾਲ ਉਹ ਰਾਸ਼ਟਰਪਤੀ ਦੀ ਜਿੱਤ ਦੀ ਭਵਿੱਖਬਾਣੀ ਕਰਦੇ ਹਨ। 

ਲਿਚਮੈਨ ਦਾ ਕਹਿਣਾ ਹੈ ਕਿ 1992 ਤੋਂ ਬਾਅਦ ਡੋਨਾਲਡ ਟਰੰਪ ਅਜਿਹੇ ਪਹਿਲੇ ਰਾਸ਼ਟਰਪਤੀ ਹੋਣਗੇ, ਜੋ ਦੁਬਾਰਾ ਰਾਸ਼ਟਰਪਤੀ ਨਹੀਂ ਚੁਣੇ ਜਾਣਗੇ। ਭਾਵ ਇਸ ਵਾਰ ਟਰੰਪ ਨਹੀਂ ਜੋਅ ਬਾਈਡੇਨ ਦੇ ਸਿਰ ਅਗਲੇ ਰਾਸ਼ਟਰਪਤੀ ਦਾ ਤਾਜ਼ ਸਜੇਗਾ। 1992 ਵਿਚ ਬਿਲ ਕਲਿੰਟਨ ਨੇ ਤਤਕਾਲੀ ਰਾਸ਼ਟਰਪਤੀ ਜਾਰਜ ਐੱਚ. ਡਬਲਿਊ ਬੁਸ਼ ਨੂੰ ਹਰਾਇਆ ਸੀ। ਅਮਰੀਕਾ ’ਚ 3 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ 1 ਕਰੋੜ ਤੋਂ ਜ਼ਿਆਦਾ ਅਮਰੀਕੀ ਨਾਗਰਿਕ ਡਾਕ ਬੈਲਟ ਪੇਪਰ ਰਾਹੀਂ ਵੋਟ ਪਾ ਚੁੱਕੇ ਹਨ। ਯੂਨੀਵਰਸਿਟੀ ਆਫ ਫਲੋਰਿਡਾ ਦੇ ਪ੍ਰੋਫੈਸਰ ਮਾਈਕਲ ਮੈਕਡੋਨਾਲਡ ਦੀ ਅਗਵਾਈ ’ਚ ਅਮਰੀਕਾ ਵੋਟਿੰਗ ਪ੍ਰਾਜੈਕਟ ਦੇ ਸੋਮਵਾਰ ਨੂੰ ਜਾਰੀ ਡਾਟਾ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। 

Lalita Mam

This news is Content Editor Lalita Mam