ਪ੍ਰਕਾਸ਼ ਸਿੰਘ ਬਾਦਲ ਨੂੰ ਉਪ ਰਾਸ਼ਟਰਪਤੀ ਬਣਾਉਣ ਦੀ ਮੰਗ ਨੇ ਜੋਰ ਫੜਿਆ

06/28/2017 9:14:41 PM

ਮਿਲਾਨ/ਇਟਲੀ (ਸਾਬੀ ਚੀਨੀਆ)— ਸਿੱਖ ਸਿਆਸਤ ਦੇ ਬਾਬਾ ਬੋਹੜ “ਫਖ੍ਹਰੇ ਕੌਮ, ਪ੍ਰਕਾਸ਼ ਸਿੰਘ ਬਾਦਲ ਨੂੰ ਦੇਸ਼ ਦਾ ਉਪ ਰਾਸ਼ਟਰਪਤੀ ਬਣਾਉਣ ਦੀ ਮੰਗ ਲਗਾਤਾਰ ਜੋਰ ਫੜਦੀ ਜਾ ਰਹੀ ਹੈ। ਇਟਲੀ ਦੇ ਸ਼ਹਿਰ ਮਿਲਾਨ 'ਚ ਸ਼੍ਰੋਮਣੀ ਅਕਾਲੀ ਦਲ ਐਨ. ਆਰ. ਆਈ. ਵਿੰਗ ਦੇ ਸੀਨੀ, ਆਗੂਆਂ ਜਗਵੰਤ ਸਿੰਘ ਲੈਹਰਾ, ਲਖਵਿੰਦਰ ਸਿੰਘ ਡੋਗਰਾਂਵਾਲ, ਗੁਰਚਰਨ ਸਿੰਘ ਭੂੰਗਰਨੀ ਬਲਵਿੰਦਰ ਸਿੰਘ ਰਾਏਪੁਰ, ਜਗਜੀਤ ਸਿੰਘ ਤੇ ਹਰਦੀਪ ਸਿੰਘ ਆਦਿ ਆਗੂਆਂ ਦੀ ਰਹਿਨੁਮਾਈ 'ਚ ਹੋਈ ਮੀਟਿੰਗ ਦੌਰਾਨ ਮੌਜੂਦਾ ਆਗੂਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਮੰਗ ਕਰਦਿਆਂ ਆਖਿਆ ਸਿੱਖ ਕੌਮ 'ਤੇ ਘੱਟ ਗਿਣਤੀਆਂ ਦਾ ਮਾਣ ਸਨਮਾਨ ਬਹਾਲ ਰੱਖਣ ਲਈ ਸਿਆਸੀ ਸੂਝ-ਬੂਝ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਉਪ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਜਾਵੇ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਬਾਦਲ ਲੰਮਾ ਸਿਆਸੀ ਤਜ਼ਰਬਾ ਰੱਖਦੇ ਹਨ। ਭਾਜਪਾ ਉਨ੍ਹਾਂ ਨੂੰ ਉੱਪ ਰਾਸ਼ਟਰਪਤੀ ਬਣਾ ਕੇ ਦੇਸ਼ ਹਿੱਤ ਲਈ ਸੇਵਾਵਾਂ ਲੈ ਸਕਦੀ ਹੈ। ਦੱਸਣਯੋਗ ਹੈ ਕਿ ਅਜਿਹੀ ਹੀ ਇਕ ਮੰਗ ਫਰਾਂਸ ਤੇ ਨਾਰਵੇ ਦੇ ਆਗੂਆਂ ਵਲੋਂ ਕੀਤੀ ਜਾ ਚੁੱਕੀ ਹੈ।