ਆਸਟ੍ਰੇਲੀਆ ''ਚ ਘਰ ਨੂੰ ਲੱਗੀ ਅੱਗ, ਪਿਤਾ ਨੇ ਬਚਾਈ 8 ਸਾਲਾ ਬੱਚੀ ਦੀ ਜਾਨ

03/29/2018 10:50:17 AM

ਸਿਡਨੀ (ਬਿਊਰੋ)— ਸਿਡਨੀ ਪੁਲਸ ਨੇ ਇਕ ਪਿਤਾ ਦੇ ਹੌਂਸਲੇ ਦੀ ਤਾਰੀਫ ਕੀਤੀ ਹੈ। ਇਸ ਪਿਤਾ ਨੇ ਆਪਣੀ 8 ਸਾਲਾ ਬੱਚੀ ਦੀ ਜਾਨ ਬਚਾਈ ਹੈ। ਅਸਲ ਵਿਚ ਸਿਡਨੀ ਦੇ ਉੱਤਰੀ-ਪੱਛਮੀ ਇਲਾਕੇ ਵਿਚ ਸਥਿਤ ਇਕ ਘਰ ਵਿਚ ਅੱਗ ਲੱਗ ਗਈ ਸੀ। ਅੱਗ ਕਾਰਨ 42 ਸਾਲਾ ਵਿਅਕਤੀ ਅਤੇ ਉਸ ਦੀ 37 ਸਾਲਾ ਪਤਨੀ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੇ ਸਨ। ਜ਼ਖਮੀ ਪਿਤਾ ਨੇ ਆਪਣੀ 8 ਸਾਲਾ ਬੇਟੀ ਨੂੰ ਬਚਾਉਣ ਖਾਤਰ ਉਸ ਨੂੰ ਦੂਜੀ ਮੰਜ਼ਿਲ ਦੀ ਖਿੜਕੀ ਰਾਹੀਂ ਬਾਹਰ ਸੁੱਟ ਦਿੱਤਾ ਸੀ। ਅੱਗ ਲੱਗਣ ਦੀ ਘਟਨਾ ਦੀ ਸੂਚਨਾ ਤੁਰੰਤ ਐਮਰਜੈਂਸੀ ਅਧਿਕਾਰੀਆਂ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ 10 ਐਮਰਜੈਂਸੀ ਟਰੱਕ ਮਾਰਸਫੀਲਡ ਵਿਚ ਜ਼ੈਨਕੋ ਰੋਡ 'ਤੇ ਪਹੁੰਚ ਗਏ। 


ਨਿਊ ਸਾਊਥ ਵੇਲਜ਼ ਦੇ ਐਂਬੂਲੈਂਸ ਪੈਰਾਮੈਡੀਕਲ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜੋੜੇ ਅਤੇ ਉਸ ਦੀ ਬੇਟੀ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਦਾ ਇਲਾਜ ਕੀਤਾ। ਇਕ ਹੋਰ ਨੌਜਵਾਨ ਜੋ ਅੱਗ ਲੱਗਣ ਸਮੇਂ ਘਰ ਦੇ ਉੱਪਰੀ ਹਿੱਸੇ ਵਿਚ ਸੀ, ਉਸ ਨੂੰ ਵੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸਾਹ ਰਾਹੀਂ ਧੂੰਆਂ ਉਸ ਦੇ ਅੰਦਰ ਚਲਾ ਗਿਆ ਸੀ। ਇਸ ਲਈ ਉਹ ਬੇਹੋਸ਼ ਸੀ। ਉਸ ਦਾ ਵੀ ਤੁਰੰਤ ਇਲਾਜ ਕੀਤਾ ਗਿਆ। ਇੰਸਪੈਕਟਰ ਐਲਿਸਨ ਕਰਟਿਸ ਨੇ ਦੱਸਿਆ ਕਿ ਸਾਨੂੰ ਚਸ਼ਮਦੀਦਾਂ ਤੋਂ ਜਾਣਕਾਰੀ ਮਿਲੀ ਕਿ ਅੱਗ ਲੱਗਣ ਮਗਰੋ ਪਿਤਾ ਦੌੜਦੇ ਹੋਏ ਉੱਪਰ ਗਿਆ ਅਤੇ ਉਸ ਨੇ ਆਪਣੀ ਬੇਟੀ ਨੂੰ ਬਚਾਉਣ ਲਈ ਉਸ ਨੂੰ ਖਿੜਕੀ ਰਾਹੀਂ ਬਾਹਰ ਸੁੱਟ ਦਿੱਤਾ। 


ਅੱਗ ਲੱਗਣ ਕਾਰਨ ਚਾਰੇ ਪਾਸੇ ਧੂਆਂ ਹੋ ਗਿਆ ਸੀ, ਜਿਸ ਕਾਰਨ ਜੋੜਾ ਆਪਣੀ ਦੂਜੀ ਬੱਚੀ ਨੂੰ ਲੱਭ ਨਹੀਂ ਸਕਿਆ।  ਉੱਧਰ ਪੈਰਾ ਮੈਡੀਰਲ ਅਧਿਕਾਰੀਆਂ ਨੇ ਦੂਜੀ ਬੱਚੀ ਨੂੰ ਵੀ ਬਚਾ ਲਿਆ ਪਰ ਉਹ ਲੱਗਭਗ 70 ਫੀਸਦੀ ਤੱਕ ਸੜ ਗਈ ਸੀ। ਉਸ ਬੱਚੀ ਨੂੰ ਤੁਰੰਤ ਰਾਇਲ ਨੌਰਥ ਸ਼ੌਰ ਹਸਪਤਾਲ ਵਿਚ ਲਿਜਾਇਆ ਗਿਆ। ਹਾਲੇ ਤੱਕ ਜੋੜੇ ਦੀ ਸਥਿਤੀ ਗੰਭੀਰ ਬਣੀ ਹੋਈ ਹੈ। 8 ਸਾਲਾ ਬੱਚੀ ਨੂੰ ਵੈਸਟਮੀਡ ਬੱਚਿਆਂ ਦੇ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਹੈ। ਜਦਕਿ ਦੂਜੇ ਨੌਜਵਾਨ ਨੂੰ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਪੁਲਸ ਘਰ ਵਿਚ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।