US ਦੇ ਇਸ ਸ਼ਹਿਰ ''ਚ ਬਿਜਲੀ ਗੁੱਲ, 62,000 ਲੋਕ ਪ੍ਰਭਾਵਿਤ

07/14/2019 8:50:26 AM

ਮੈਨਹਾਟਨ— ਅਮਰੀਕਾ ਦਾ ਸ਼ਹਿਰ ਮੈਨਹਾਟਨ ਹਨੇਰੇ 'ਚ ਡੁੱਬਿਆ ਹੋਇਆ ਹੈ। ਇੱਥੇ ਬਿਜਲੀ ਬੰਦ ਹੋਣ ਕਾਰਨ ਲਗਭਗ 62,000 ਲੋਕ ਪ੍ਰਭਾਵਿਤ ਹੋ ਰਹੇ ਹਨ। ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਨੂੰ ਸ਼ਾਮ ਦੇ 7 ਵਜੇ ਤੋਂ ਬਿਜਲੀ ਬੰਦ ਹੈ। ਇਸ ਕਾਰਨ ਸਬਵੇਅ ਸਟੇਸ਼ਨ ਹਨੇਰੇ 'ਚ ਹਨ। ਟ੍ਰੈਫਿਕ ਲਾਈਟਾਂ ਨਹੀਂ ਜਗ ਰਹੀਆਂ ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਬਹੁਤ ਸਾਰੇ ਸ਼ੋਅ ਰੱਦ ਹੋ ਗਏ ਹਨ ਤੇ ਸ਼ਾਪਿੰਗ ਮਾਲਜ਼ ਬੰਦ ਹੋ ਗਏ ਹਨ। 

ਲੋਕ ਮੋਬਾਇਲਾਂ ਦੀ ਲਾਈਟਾਂ ਨਾਲ ਕੰਮ ਚਲਾਉਣ ਲਈ ਮਜਬੂਰ ਹੋ ਗਏ ਹਨ। ਲੋਕਾਂ ਨੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਦੱਸਿਆ ਕਿ ਬਿਜਲੀ ਦੇ ਕੱਟ ਨਾਲ ਕਿਵੇਂ ਉਨ੍ਹਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਫਾਇਰ ਫਾਈਟਰਜ਼ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਲਿਫਟਾਂ 'ਚ ਫਸ ਗਏ ਹਨ, ਜਿਨ੍ਹਾਂ ਵਲੋਂ ਵਾਰ-ਵਾਰ ਫੋਨ ਕੀਤੇ ਜਾ ਰਹੇ ਹਨ। 

ਤੁਹਾਨੂੰ ਦੱਸ ਦਈਏ ਕਿ ਬਿਜਲੀ ਦੇ ਕੱਟ ਨਾਲ ਮੈਨਹਾਟਨ ਨੂੰ ਵਿੱਤੀ ਨੁਕਸਾਨ ਹੋਇਆ ਹੈ, ਕਿਉਂਕਿ ਕਈ ਬਿਜ਼ਨੈਸ ਅਧਾਰੇ ਬੰਦ ਹੋ ਗਏ ਹਨ। ਰਾਤ 10 ਵਜੇ ਸਿਟੀ ਕੌਂਸਲ ਦੇ ਬੁਲਾਰੇ ਕੋਰੀ ਜੋਹਨਸਨ ਨੇ ਦੱਸਿਆ ਕਿ ਕੁੱਝ ਇਲਾਕਿਆਂ ਦੀ ਬਿਜਲੀ ਠੀਕ ਹੋ ਗਈ ਹੈ ਤੇ ਕੁੱਝ ਦੀ ਜਲਦੀ ਹੀ ਹੋਣ ਦੀ ਆਸ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 1977 'ਚ ਬਿਜਲੀ ਠੱਪ ਹੋਣ ਕਾਰਨ ਇਹ ਸ਼ਹਿਰ ਹਨੇਰੇ 'ਚ ਡੁੱਬ ਗਿਆ ਸੀ।