ਪਾਵੇਲ ਹੋਣਗੇ ਨਵੇਂ ਫੈਡਰਲ ਰਿਜ਼ਰਵ ਦੇ ਮੁਖੀ

11/03/2017 7:37:39 AM

ਵਾਸ਼ਿੰਗਟਨ,(ਬਿਊਰੋ) — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਭਵ ਹੈ ਕਿ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੇ ਨਵੇਂ ਮੁਖੀ ਦੀ ਚੋਣ ਕਰ ਲਈ ਹੈ। ਸਮਝਿਆ ਜਾਂਦਾ ਹੈ ਕਿ ਟਰੰਪ ਨੇ ਫੈਡਰਲ ਰਿਜ਼ਰਵ ਦੇ ਗਵਰਨਰ ਜੇਰੋਮ ਪਾਵੇਲ ਨੂੰ ਸੂਚਿਤ ਕੀਤਾ ਹੈ ਕਿ ਉਹ ਜੈਨੇਟ ਯੇਲੇਨ ਦੀ ਥਾਂ 'ਤੇ ਫੈਡਰਲ ਰਿਜ਼ਰਵ ਦੇ ਨਵੇਂ ਮੁਖੀ ਹੋਣਗੇ। ਮੀਡੀਆ ਦੀਆਂ ਖਬਰਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਵਾਲ ਸਟਰੀਟ ਜਨਰਲ ਦੀ ਰਿਪੋਰਟ 'ਚ ਮਾਮਲੇ ਨਾਲ ਜੁੜੇ 2 ਲੋਕਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਟਰੰਪ ਨੇ ਕੱਲ ਪਾਵੇਲ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਆਪਣੇ ਫੈਸਲੇ ਤੋਂ ਜਾਣੂ ਕਰਵਾਇਆ।
ਯੇਲੇਨ ਦਾ ਫੈਡਰਲ ਰਿਜ਼ਰਵ ਦੇ ਚੇਅਰਪਰਸਨ ਦਾ 4 ਸਾਲ ਦਾ ਕਾਰਜਕਾਲ ਫਰਵਰੀ 'ਚ ਪੂਰਾ ਹੋ ਰਿਹਾ ਹੈ। ਸੀਨੇਟ ਦੀ ਪੁਸ਼ਟੀ ਤੋਂ ਬਾਅਦ ਪਾਵੇਲ ਦੀ ਨਿਯੁਕਤੀ ਕੀਤੀ ਜਾਵੇਗੀ। ਫੈਡਰਲ ਰਿਜ਼ਰਵ ਦੇ ਬੋਰਡ ਦਾ ਮੈਂਬਰ ਬਣਨ ਲਈ ਪਹਿਲਾਂ ਹੀ ਪਾਵੇਲ ਇਸ ਪੁਸ਼ਟੀ ਪ੍ਰਕਿਰਿਆ 'ਚੋਂ ਲੰਘ ਰਹੇ ਹਨ।