ਪਾਕਿ ਦੀ ਰਾਜਧਾਨੀ 'ਚ ਅੱਤਵਾਦੀ ਹਮਲੇ ਦਾ ਖਦਸ਼ਾ, ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਚੇਤਾਵਨੀ ਕੀਤੀ ਜਾਰੀ

12/26/2022 10:53:45 AM

ਇਸਲਾਮਾਬਾਦ/ਵਾਸ਼ਿੰਗਟਨ (ਬਿਊਰੋ): ਪਾਕਿਸਤਾਨ ਸਥਿਤ ਅਮਰੀਕੀ ਦੂਤਘਰ ਨੇ ਆਪਣੇ ਸਟਾਫ ਨੂੰ ਸੰਭਾਵਿਤ ਅੱਤਵਾਦੀ ਹਮਲੇ ਬਾਰੇ ਸੁਚੇਤ ਕੀਤਾ ਹੈ ਅਤੇ ਉਨ੍ਹਾਂ ਨੂੰ ਇਸਲਾਮਾਬਾਦ ਦੇ ਮੈਰੀਅਟ ਹੋਟਲ ਵਿੱਚ ਨਾ ਜਾਣ ਲਈ ਕਿਹਾ ਹੈ।ਅਮਰੀਕਾ ਵਾਂਗ ਬ੍ਰਿਟੇਨ ਨੇ ਵੀ ਆਪਣੇ ਦੂਤਘਰ ਦੇ ਕਰਮਚਾਰੀਆਂ ਨੂੰ ਅਲਰਟ ਕੀਤਾ ਹੈ। ਦਰਅਸਲ ਦੋ ਦਿਨ ਪਹਿਲਾਂ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਸ਼ਹਿਰ ਹਾਈ ਅਲਰਟ 'ਤੇ ਹੈ। ਹਮਲੇ 'ਚ ਇਕ ਪੁਲਸ ਅਧਿਕਾਰੀ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਦੂਤਘਰ ਨੇ ਇੱਕ ਸੁਰੱਖਿਆ ਅਲਰਟ ਵਿੱਚ ਕਿਹਾ ਕਿ ਅਮਰੀਕੀ ਸਰਕਾਰ ਨੂੰ ਇਸ ਸੂਚਨਾ ਦੀ ਜਾਣਕਾਰੀ ਹੈ ਕਿ ਅਣਪਛਾਤੇ ਵਿਅਕਤੀ ਛੁੱਟੀਆਂ ਦੌਰਾਨ ਇਸਲਾਮਾਬਾਦ ਦੇ ਮੈਰੀਅਟ ਹੋਟਲ ਵਿੱਚ ਅਮਰੀਕੀ ਨਾਗਰਿਕਾਂ 'ਤੇ ਹਮਲੇ ਦੀ ਯੋਜਨਾ ਬਣਾ ਰਹੇ ਹਨ।

ਐਡਵਾਈਜ਼ਰੀ ਜ਼ਰੀਏ ਅਮਰੀਕੀ ਕਰਮਚਾਰੀਆਂ ਨੂੰ ਛੁੱਟੀਆਂ ਦੇ ਦੌਰਾਨ ਪ੍ਰਸਿੱਧ ਹੋਟਲ ਵਿੱਚ ਯਾਤਰਾ ਕਰਨ ਦੀ ਮਨਾਹੀ ਕੀਤੀ ਗਈ ਹੈ। ਅਮਰੀਕੀ ਦੂਤਘਰ ਨੇ ਸਾਰੇ ਕਰਮਚਾਰੀਆਂ ਨੂੰ ਛੁੱਟੀ ਵਾਲੇ ਦਿਨ ਇਸਲਾਮਾਬਾਦ ਦੀ ਬੇਲੋੜੀ ਯਾਤਰਾ ਤੋਂ ਬਚਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਆਤਮਘਾਤੀ ਹਮਲਾਵਰ ਨੇ ਇਸਲਾਮਾਬਾਦ ਵਿੱਚ ਮੈਰੀਅਟ ਹੋਟਲ ਨੂੰ ਸਤੰਬਰ 2008 ਵਿੱਚ ਨਿਸ਼ਾਨਾ ਬਣਾਇਆ ਸੀ ਜੋ ਰਾਜਧਾਨੀ ਵਿੱਚ ਅਜਿਹੇ ਸਭ ਤੋਂ ਘਾਤਕ ਹਮਲਿਆਂ ਵਿੱਚੋਂ ਇੱਕ ਸੀ ।

ਸਲਾਹਕਾਰ ਨੇ ਅਮਰੀਕੀ ਸਟਾਫ ਨੂੰ ਕੀਤਾ ਅਲਰਟ:

-ਸਮਾਗਮਾਂ, ਪੂਜਾ ਸਥਾਨਾਂ 'ਤੇ ਚੌਕਸੀ ਵਰਤੋ ਅਤੇ ਵੱਡੀ ਭੀੜ ਵਾਲੇ ਸਥਾਨਾਂ ਤੋਂ ਬਚੋ।

-ਆਪਣੀਆਂ ਨਿੱਜੀ ਸੁਰੱਖਿਆ ਯੋਜਨਾਵਾਂ ਦੀ ਸਮੀਖਿਆ ਕਰੋ।

-ਪਛਾਣ ਲੈ ਕੇ ਜਾਓ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਬੇਨਤੀਆਂ ਦਾ ਪਾਲਣ ਕਰੋ।

-ਆਪਣੇ ਆਲੇ-ਦੁਆਲੇ ਤੋਂ ਸੁਚੇਤ ਰਹੋ।

-ਅੱਪਡੇਟ ਲਈ ਸਥਾਨਕ ਮੀਡੀਆ ਨੂੰ ਫੋਲੋ ਕਰੋ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਟਰੱਕ ਡਰਾਈਵਰਾਂ ਵੱਲੋਂ ਵੱਧ ਤਨਖਾਹਾਂ ਅਤੇ ਸਹੂਲਤਾਂ ਦੀ ਮੰਗ

ਇਨ੍ਹਾਂ ਜ਼ਿਲ੍ਹਿਆਂ 'ਚ ਹਮਲੇ ਦੀ ਚੇਤਾਵਨੀ ਜਾਰੀ 

ਅਲਰਟ ਅਨੁਸਾਰ ਖੈਬਰ-ਪਖਤੂਨਖਵਾ ਸੂਬੇ ਦੇ ਬੁਜਰ, ਮੋਹਮੰਦ, ਖੈਬਰ, ਓਰਕਜ਼ਈ, ਕੁਰੱਮ, ਉੱਤਰੀ ਵਜ਼ੀਰਿਸਤਾਨ ਅਤੇ ਦੱਖਣੀ ਵਜ਼ੀਰਸਤਾਨ ਤੋਂ ਇਲਾਵਾ ਚਾਰਸਦਾ, ਕੋਹਾਟ, ਟਾਂਕ, ਬੰਨੂ, ਲੱਕੀ, ਡੇਰਾ ਇਸਮਾਈਲ ਖਾਨ, ਸਵਾਤ, ਬੁਨੇਰ ਅਤੇ ਲੋਅਰ ਦੀਰ 'ਚ ਵੀ. ਜਾਣਾ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਦੇ ਨਾਲ ਹੀ ਪੇਸ਼ਾਵਰ ਜ਼ਿਲ੍ਹੇ, ਚਿਤਰਾਲ, ਬਲੋਚਿਸਤਾਨ, ਚਿਲਾਸ ਅਤੇ ਕੰਟਰੋਲ ਰੇਖਾ ਤੋਂ 10 ਮੀਲ ਦੂਰ ਰਹਿਣ ਲਈ ਕਿਹਾ ਗਿਆ ਹੈ।ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਅਮਰੀਕਾ ਅਫਗਾਨਿਸਤਾਨ ਤੋਂ ਸਰਹੱਦ ਪਾਰ ਤੋਂ ਹਮਲਿਆਂ ਨੂੰ ਰੋਕਣ ਲਈ ਸਰਹੱਦੀ ਸੁਰੱਖਿਆ ਵਧਾਉਣ ਲਈ ਇਸਲਾਮਾਬਾਦ ਨੂੰ ਫੰਡ ਮੁਹੱਈਆ ਕਰਵਾਉਣ ਲਈ ਤਿਆਰ ਹੈ।

ਪਾਕਿਸਤਾਨੀ ਫ਼ੌਜ 'ਤੇ ਹਮਲਾ

ਅੱਤਵਾਦੀ ਹਮਲੇ ਦੀ ਚੇਤਾਵਨੀ ਦੇ ਵਿਚਕਾਰ ਬਲੋਚਿਸਤਾਨ 'ਚ ਪਾਕਿਸਤਾਨੀ ਫ਼ੌਜ 'ਤੇ ਹਮਲਾ ਕੀਤਾ ਗਿਆ। ਆਈਈਡੀ ਧਮਾਕੇ ਵਿੱਚ ਪਾਕਿਸਤਾਨੀ ਫ਼ੌਜ ਦੇ ਪੰਜ ਜਵਾਨ ਮਾਰੇ ਗਏ। ਇਸ ਵਿੱਚ ਪਾਕਿਸਤਾਨੀ ਫ਼ੌਜ ਦਾ ਇੱਕ ਕਮਾਂਡਰ ਵੀ ਸ਼ਾਮਲ ਸੀ। ਪਾਕਿਸਤਾਨ ਦੇ ਆਈਐਸਪੀਆਰ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਕਿ ਇਹ ਆਪਰੇਸ਼ਨ ਸ਼ਨੀਵਾਰ ਤੋਂ ਚੱਲ ਰਿਹਾ ਸੀ। ਫਿਰ ਫ਼ੌਜ ਦੇ ਜਵਾਨਾਂ ਕੋਲ ਬੰਬ ਧਮਾਕਾ ਹੋਇਆ।

ਬੀਐਲਏ ਨੇ ਲਈ ਹਮਲੇ ਦੀ ਜ਼ਿੰਮੇਵਾਰੀ

ਹਮਲੇ ਦੀ ਜ਼ਿੰਮੇਵਾਰੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਲਈ। ਇਸ ਤੋਂ ਪਹਿਲਾਂ ਦਿਨ ਵਿੱਚ ਆਈਐਸਪੀਆਰ ਨੇ ਕਿਹਾ ਸੀ ਕਿ ਇੱਕ ਅੱਤਵਾਦੀ ਮਾਰਿਆ ਗਿਆ। ਆਈਐਸਪੀਆਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਰੋਸੇਯੋਗ ਸੂਤਰਾਂ ਦੇ ਆਧਾਰ 'ਤੇ ਸ਼ੁਰੂ ਕੀਤਾ ਗਿਆ ਆਪਰੇਸ਼ਨ 96 ਘੰਟੇ ਤੱਕ ਜਾਰੀ ਰਿਹਾ। ਇਸ ਤੋਂ ਪਹਿਲਾਂ ਨਵੰਬਰ ਦੇ ਅਖੀਰ 'ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਫ਼ੌਜ ਨਾਲ ਜੰਗਬੰਦੀ ਖ਼ਤਮ ਕਰਦੇ ਹੋਏ ਹਮਲੇ ਦੀ ਚੇਤਾਵਨੀ ਦਿੱਤੀ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana