ਪਾਕਿ ਦੇ ਸਿੰਧ ਸੂਬੇ ’ਚ ਲੱਗੇ ਪੋਸਟਰ, ‘ਹਿੰਦੂ ਫਿਰਕੇ ਦੇ ਲੋਕ ਜਾਂ ਤਾਂ ਆਪਣਾ ਧਰਮ ਛੱਡਣ ਜਾਂ ਪਾਕਿਸਤਾਨ’

04/27/2023 11:31:41 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਅੱਜ ਸਵੇਰੇ ਜਦੋਂ ਸਿੰਧ ਸੂਬੇ ਦੇ ਲੋਕ ਸੌਂ ਕੇ ਉੱਠੇ ਤਾਂ ਉਨ੍ਹਾਂ ਨੂੰ ਜ਼ਿਆਦਾਤਰ ਕਸਬਿਆਂ ’ਚ ਪੋਸਟਰ ਲੱਗੇ ਮਿਲੇ, ਜਿਨ੍ਹਾਂ ’ਤੇ ਲਿਖਿਆ ਸੀ ਕਿ ਪਾਕਿਸਤਾਨ ਹਿੰਦੂ ਦੇਸ਼ ਨਹੀਂ ਹੈ ਅਤੇ ਜਦ ਹਿੰਦੂ ਫਿਰਕੇ ਦੇ ਲੋਕ ਪਾਕਿਸਤਾਨ ਵਿਚ ਰਹਿਣਾ ਚਾਹੁੰਦੇ ਹਨ ਤਾਂ ਆਪਣਾ ਧਰਮ ਛੱਡਣ ਜਾਂ ਪਾਕਿਸਤਾਨ ਛੱਡ ਕੇ ਚਲੇ ਜਾਣ। ਸਰਹੱਦ ਪਾਰੋਂ ਆਏ ਸੂਤਰਾਂ ਅਨੁਸਾਰ ਸਿੰਧ ਸੂਬੇ ’ਚ ਹਿੰਦੂ ਨਾਬਾਲਗ ਲੜਕੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਨਾਲ ਵਿਆਹ ਕਰਵਾਉਣ ਦੀ ਰਵਾਇਤ ਖ਼ਿਲਾਫ ਹਿੰਦੂ ਭਾਈਚਾਰੇ ਦੇ ਲੋਕਾਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ਪੰਜ ਤੱਤਾਂ ’ਚ ਵਿਲੀਨ ਹੋਏ ਪ੍ਰਕਾਸ਼ ਸਿੰਘ ਬਾਦਲ, ਵਿਧਾਇਕ ਸੁਖਪਾਲ ਖਹਿਰਾ ਖ਼ਿਲਾਫ਼ ਕੇਸ ਦਰਜ, ਪੜ੍ਹੋ Top 10

ਬੀਤੇ ਦਿਨ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਨਾਲ-ਨਾਲ ਮੁਸਲਿਮ ਲੋਕਾਂ ਨੇ ਵੀ ਹਿੰਦੂਆਂ ਦਾ ਧਰਮ ਪਰਿਵਰਤਨ ਕਰਨ ਦੀ ਮਸ਼ੀਨ ਵਜੋਂ ਕੰਮ ਕਰ ਰਹੇ ਮੌਲਵੀ ਮੀਆਂ ਮਿੱਠੂ ਨੂੰ ਸਿੰਧ ਸੂਬੇ ’ਚੋਂ ਕੱਢਣ ਦੀ ਮੰਗ ਕੀਤੀ ਪਰ ਅੱਜ ਜਿਸ ਤਰ੍ਹਾਂ ਹਿੰਦੂਆਂ ਨੂੰ ਧਰਮ ਬਦਲਣ ਜਾਂ ਪਾਕਿਸਤਾਨ ਛੱਡਣ ਲਈ ਕਹਿਣ ਵਾਲੇ ਪੋਸਟਰ ਨਜ਼ਰ ਆ ਰਹੇ ਹਨ, ਉਸ ਨਾਲ ਉਨ੍ਹਾਂ ਅੰਦਰ ਡਰ ਦਾ ਮਾਹੌਲ ਪੈਦਾ ਹੋਣਾ ਸੁਭਾਵਿਕ ਹੈ ਕਿਉਂਕਿ ਪੋਸਟਰਾਂ ’ਚ ਧਰਮ ਬਦਲਣ ਜਾਂ ਪਾਕਿਸਤਾਨ ਛੱਡਣ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਧਾਰਮਿਕ ਅਸਥਾਨ ਤੋਂ ਪਰਤ ਰਹੇ 3 ਵਿਅਕਤੀਆਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਘਰਾਂ ’ਚ ਵਿਛੇ ਸੱਥਰ  

ਭਾਵੇਂ ਹਿੰਦੂ ਭਾਈਚਾਰੇ ਦੇ ਲੋਕ ਇਹ ਨਾਅਰੇ 1947 ਤੋਂ ਸੁਣਦੇ ਆ ਰਹੇ ਹਨ ਪਰ ਪਹਿਲੀ ਵਾਰ ਪੋਸਟਰ ਲਗਾ ਕੇ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਨੂੰ ਜਿਵੇਂ ਹੀ ਇਨ੍ਹਾਂ ਪੋਸਟਰਾਂ ਦੇ ਲਗਾਏ ਜਾਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਸਵੇਰੇ ਹੀ ਇਨ੍ਹਾਂ ਪੋਸਟਰਾਂ ਨੂੰ ਹਟਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ।

ਪਾਕਿਸਤਾਨ ਦੇ ਇਕ ਹਿੰਦੂ ਨੇਤਾ ਨੇ ਆਪਣਾ ਨਾਂ ਗੁਪਤ ਰੱਖਣ ਦੇ ਭਰੋਸੇ ’ਤੇ ਦੱਸਿਆ ਕਿ ਅਸੀਂ ਪਾਕਿਸਤਾਨ ’ਚ ਹਿੰਦੂਆਂ ਖਿਲਾਫ਼ ਬਹੁਤ ਘਿਨਾਉਣੀਆਂ ਘਟਨਾਵਾਂ ਦੇਖੀਆਂ ਹਨ, ਜਿਸ ਤਰੀਕੇ ਨਾਲ ਹਿੰਦੂ ਕੁੜੀਆਂ ਨੂੰ ਅਗਵਾ, ਧਰਮ ਪਰਿਵਰਤਨ ਅਤੇ ਅਗਵਾਕਾਰਾਂ ਨਾਲ ਵਿਆਹ ਕੀਤਾ ਜਾ ਰਿਹਾ ਹੈ, ਇਹ ਪਾਕਿਸਤਾਨ ਦੇ ਚਿਹਰੇ ’ਤੇ ਕਲੰਕ ਹੈ ਪਰ ਇਹ ਵੀ ਸੱਚ ਹੈ ਕਿ ਪਾਕਿਸਤਾਨ ਦੇ ਕੱਟੜਪੰਥੀ ਉਦੋਂ ਤੱਕ ਚੁੱਪ ਨਹੀਂ ਬੈਠਣਗੇ, ਜਦੋਂ ਤੱਕ ਪਾਕਿਸਤਾਨ ’ਚ ਰਹਿ ਰਹੇ ਆਖ਼ਰੀ ਹਿੰਦੂ ਦਾ ਧਰਮ ਪਰਿਵਰਤਨ ਨਹੀਂ ਹੋ ਜਾਂਦਾ। ਅੱਜ ਦੇ ਪੋਸਟਰ ਵੀ ਹਿੰਦੂ ਭਾਈਚਾਰੇ ਨੂੰ ਡਰਾਉਣ ਅਤੇ ਧਰਮ ਪਰਿਵਰਤਨ ਲਈ ਮਜਬੂਰ ਕਰਨ ਤੋਂ ਵੱਧ ਕੁਝ ਨਹੀਂ ਹਨ। ਸੁਰੱਖਿਆ ਏਜੰਸੀਆਂ ਸਾਡੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹਨ।

ਇਕ ਹੋਰ ਹਿੰਦੂ ਵਪਾਰੀ ਨੇ ਕਿਹਾ ਕਿ ਅਸੀਂ ਪਾਕਿਸਤਾਨ ’ਚ ਪੂਰੀ ਤਰ੍ਹਾਂ ਅਸੁਰੱਖਿਅਤ ਹਾਂ, ਸਾਨੂੰ ਲੁੱਟਿਆ ਜਾਂਦਾ ਹੈ, ਪਾਕਿਸਤਾਨ ’ਚ ਰਹਿਣ ਲਈ ਸਾਡੇ ਤੋਂ ਜਬਰੀ ਪੈਸੇ ਲਏ ਜਾਂਦੇ ਹਨ। ਸਰਕਾਰ ’ਚ ਬੈਠੇ ਲੋਕ ਸਾਡੀ ਆਵਾਜ਼ ਸੁਣਨ ਨੂੰ ਤਿਆਰ ਨਹੀਂ ਹਨ। ਦਿਨ-ਦਿਹਾੜੇ ਸਾਡੇ ਮੰਦਰਾਂ ’ਤੇ ਹਮਲੇ ਅਤੇ ਭੰਨ-ਤੋੜ ਕੀਤੀ ਜਾ ਰਹੀ ਹੈ ਪਰ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਪਿਛਲੇ 75 ਸਾਲਾਂ ’ਚ ਸਾਡੇ ਨਾਲ ਕੁਝ ਨਹੀਂ ਹੋਇਆ ਅਤੇ ਭਵਿੱਖ ’ਚ ਵੀ ਪਾਕਿਸਤਾਨ ਵਿਚ ਹਿੰਦੂਆਂ ਦਾ ਸੁਧਾਰ ਹੋਣਾ ਸੰਭਵ ਨਹੀਂ ਜਾਪਦਾ। ਜਦੋਂ ਅਸੀਂ ਆਪਣੀ ਆਵਾਜ਼ ਉਠਾਉਂਦੇ ਹਾਂ, ਤਾਂ ਸਾਨੂੰ ਈਸ਼ਨਿੰਦਾ ਕਾਨੂੰਨ ਤਹਿਤ ਫਸਾਇਆ ਜਾਂਦਾ ਹੈ ਅਤੇ ਈਸ਼ਨਿੰਦਾ ਕਾਨੂੰਨ ਤਹਿਤ ਮੌਤ ਦੀ ਸਜ਼ਾ ਦੀ ਵਿਵਸਥਾ ਹੈ।
 

Manoj

This news is Content Editor Manoj