ਇਹ ਹੈ ਪਾਕਿਸਤਾਨ ਦਾ ਅਸਲੀ ਚਿਹਰਾ, ਪੋਸਟਰ ''ਚ ਦਿਖਾਇਆ ਨਰਿੰਦਰ ਮੋਦੀ ਦਾ ਵੱਢਿਆ ਸਿਰ

09/27/2016 3:43:58 PM

ਇਸਲਾਮਾਬਾਦ— ਉੜੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਪਾਕਿਸਤਾਨ ਇਸ ਹਮਲੇ ਨੂੰ ਲੈ ਕੇ ਆਪਣੇ ''ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਰਿਹਾ ਹੈ। ਹਾਲਾਂਕਿ ਇਸ ਹਮਲੇ ਤੋਂ ਬਾਅਦ ਕੀਤੀ ਗਈ ਜਾਂਚ ''ਚ ਪਾਕਿਸਤਾਨ ਖਿਲਾਫ ਪੱਕੇ ਸਬੂਤ ਵੀ ਮਿਲੇ ਹਨ। ਭਾਵੇਂ ਹੀ ਪਾਕਿਸਤਾਨ ਆਪਣੇ ''ਤੇ ਲੱਗੇ ਦੋਸ਼ਾਂ ਦਾ ਖੰਡਨ ਕਰ ਰਿਹਾ ਹੈ ਪਰ ਹੁਣ ਪਾਕਿਸਤਾਨ ਦਾ ਅਸਲੀ ਚਿਹਰਾ ਸਾਹਮਣੇ ਆ ਚੁੱਕਾ ਹੈ। 

ਪਾਕਿਸਤਾਨ ਇਸ ਤਰ੍ਹਾਂ ਦੀਆਂ ਕਾਰਵਾਈ ਕਰ ਰਿਹਾ ਹੈ, ਜਿਸ ਨਾਲ ਨਾ ਸਿਰਫ ਉਹ ਆਪਣਾ ਪੱਲਾ ਝਾੜ ਰਿਹਾ ਹੈ, ਸਗੋਂ ਕਿ ਉਲਟਾ ਭਾਰਤ ''ਤੇ ਹੀ ਦੋਸ਼ ਮੜ੍ਹ ਰਿਹਾ ਹੈ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ''ਚ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇੱਥੋਂ ਦੀ ਮੀਡੀਆ ਇਨ੍ਹਾਂ ਪ੍ਰਦਰਸ਼ਨ ਦੀਆਂ ਤਸਵੀਰਾਂ ਅਤੇ ਖਬਰਾਂ ਪ੍ਰਕਾਸ਼ਤ ਕਰ ਰਹੀ ਹੈ। ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਹੱਥਾਂ ''ਚ ਇਕ ਪੋਸਟਰ ਨਜ਼ਰ ਆ ਰਿਹਾ ਹੈ, ਜਿਸ ''ਚ ਪਾਕਿਸਤਾਨ ਦੇ ਫੌਜ ਦੇ ਮੁਖੀ ਜਨਰਲ ਰਾਹੀਲ ਸ਼ਰੀਫ ਨੂੰ ਭਾਰਤੀ ਪ੍ਰਧਾਨ ਮੰਤਰੀ ਦਾ ਵੱਢਿਆ ਹੋਇਆ ਸਿਰ ਹੱਥ ''ਚ ਫੜਿਆ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਰਾਹੀਲ ਦੇ ਦੂਜੇ ਹੱਥ ''ਚ ਖੂਨ ਨਾਲ ਲਿਬੜਿਆ ਚਾਕੂ ਵੀ ਦਿਖਾਇਆ ਗਿਆ ਹੈ।

ਬੀਤੀ 8 ਜੁਲਾਈ ਨੂੰ ਅੱਤਵਾਦੀ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਇਸਲਾਮਾਬਾਦ ''ਚ ਲੋਕ ਭਾਰਤ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਭਾਰਤ ਵਿਰੁੱਧ ਨਾਅਰੇ ਲਾ ਰਹੇ ਹਨ। ਵਾਨੀ ਅੱਤਵਾਦੀ ਸੰਗਠਨ ਹਿੱਜ਼ਬੁਲ ਮੁਜਾਹੀਦੀਨ ਦਾ ਕਮਾਂਡਰ ਸੀ। ਉਸ ਨੂੰ ਕਸ਼ਮੀਰ ''ਚ ਭਾਰਤੀ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਐਨਕਾਊਂਟਰ ''ਚ ਮਾਰ ਦਿੱਤਾ ਸੀ। ਜਿਸ ਤੋਂ ਬਾਅਦ ਕਸ਼ਮੀਰ ''ਚ ਹਿੰਸਕ ਝੜਪਾਂ ਹੋਈਆਂ ਅਤੇ ਉੱਥੇ ਕਰਫਿਊ ਲਾਉਣਾ ਪਿਆ ਸੀ। ਪ੍ਰਦਰਸ਼ਨਕਾਰੀਆਂ ਅਤੇ ਫੌਜ ਵਿਚਾਲੇ ਹੋਈਆਂ ਹਿੰਸਕ ਝੜਪਾਂ ''ਚ ਕਈ ਲੋਕ ਮਾਰੇ ਗਏ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ''ਚ ਭਾਸ਼ਣ ਦਿੱਤਾ। ਇਸ ਭਾਸ਼ਣ ''ਚ ਵੀ ਸ਼ਰੀਫ ਨੇ ਕਸ਼ਮੀਰ ਦਾ ਰੋਣਾ ਰੋਇਆ। ਬਸ ਇੰਨਾ ਹੀ ਨਹੀਂ ਸ਼ਰੀਫ ਨੇ ਮਾਰੇ ਗਏ ਅੱਤਵਾਦੀ ਵਾਨੀ ਨੂੰ ਕਸ਼ਮੀਰ ਦੀ ਆਵਾਜ਼ ਦੱਸਿਆ। 

ਜ਼ਿਕਰਯੋਗ ਹੈ ਕਿ ਉੜੀ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ ਰਿਸ਼ਤਿਆਂ ''ਚ ਤਣਾਅ ਪਹਿਲਾਂ ਨਾਲੋਂ ਜ਼ਿਆਦਾ ਵਧ ਚੁੱਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਸੀ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉੱਥੇ ਹੀ ਬੀਤੇ ਸੋਮਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਸੰਯੁਕਤ ਰਾਸ਼ਟਰ ਮਹਾਸਭਾ ਦੇ 71ਵੇਂ ਸੈਸ਼ਨ ''ਚ ਪਾਕਿਸਤਾਨ ਨੂੰ ਬੇਨਕਾਬ ਕੀਤਾ ਹੈ। ਉਨ੍ਹਾਂ ਨੇ ਆਪਣੇ ਸੰਬੋਧਨ ''ਚ ਕਿਹਾ ਕਿ ਭਾਰਤ ਨੇ ਤਾਂ ਪਾਕਿਸਤਾਨ ਨਾਲ ਦੋਸਤੀ ਦਾ ਹੱਥ ਵਧਾਇਆ ਪਰ ਬਦਲੇ ''ਚ ਉਸ ਨੇ ਪਠਾਨਕੋਟ ਅਤੇ ਉੜੀ ਵਰਗੇ ਅੱਤਵਾਦੀ ਹਮਲਿਆਂ ਦੇ ਡੂੰਘੇ ਜ਼ਖਮ ਦਿੱਤੇ, ਜੋ ਕਿ ਬਰਦਾਸ਼ਤ ਤੋਂ ਬਾਹਰ ਹਨ। ਪਾਕਿਸਤਾਨ ਸਾਡੇ ਤੋਂ ਸਬੂਤ ਮੰਗਦਾ ਹੈ, ਸਾਡੇ ਕੋਲ ਤਾਂ ਫੜਿਆ ਗਿਆ ਅੱਤਵਾਦੀ ਬਹਾਦਰ ਅਲੀ ਜ਼ਿੰਦਾ ਸਬੂਤ ਹੈ।

Tanu

This news is News Editor Tanu