ਚੀਨ ਦੀਆਂ ਗਲੀਆਂ 'ਚ ਪੋਸਟਰ, 'ਅਮਰੀਕੀਆਂ ਤੋਂ ਰਹੋਂ ਦੂਰ'

05/24/2017 8:10:48 PM

ਬੀਜ਼ਿੰਗ — ਜਾਸੂਸੀ ਦੇ ਖੇਡ 'ਚ ਅਮਰੀਕਾ ਨੂੰ ਮਾਤ ਦੇਣ ਲਈ ਚੀਨ ਨੇ ਕਾਫੀ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਇਸ ਦਾ ਨਤੀਜਾ ਹੈ ਕਿ ਬੀਜ਼ਿੰਗ ਦੀਆਂ ਗਲੀਆਂ 'ਚ ਕੰਧਾਂ 'ਤੇ ਲਗੇ ਪੋਸਟਰ ਆਪਣੇ ਨਾਗਰਿਕਾਂ ਨੂੰ ਵਿਦੇਸ਼ੀ ਲੋਕਾਂ ਤੋਂ ਬਚ ਕੇ ਰਹਿਣ ਦੀ ਨਸੀਹਤ ਦਿੰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਪੋਸਟਰਾਂ 'ਚ ਬਣੇ ਕਾਰਟੂਨ ਚੀਨ ਦੇ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਕਹਿ ਰਹੇ ਹਨ ਕਿ, ਵਿਦੇਸ਼ੀ ਆਦਮੀਆਂ ਦੀਆਂ ਗੱਲ੍ਹਾਂ 'ਚ ਨਾ ਆਓ, ਉਹ ਜਾਸੂਸ ਹੋ ਸਕਦੇ ਹਨ।

 
ਗ੍ਰਾਫਿਕਸ ਦਾ ਅਜਿਹਾ ਇਸਤੇਮਾਲ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਚੀਨ ਦੀ ਸਰਕਾਰ ਨੇ ਅਮਰੀਕੀ ਜਾਸੂਸਾਂ ਨਾਲ ਨਜਿੱਠਣ ਲਈ ਆਪਣਾ ਅਭਿਆਨ ਕਾਫੀ ਤੇਜ਼ ਕਰ ਦਿੱਤਾ ਹੈ। ਪੋਸਟਰ 'ਚ ਦਿਖਾਈ ਗਈ ਕਾਮਿਕ ਬੁੱਕ ਦੀ ਲਵ ਸਟੋਰੀ ਆਖਿਰ 'ਚ ਹੰਝੂਆਂ 'ਤੇ ਜਾ ਕੇ ਖਤਮ ਹੁੰਦੀ ਹੈ ਅਤੇ ਸਥਾਨਕ ਲੋਕਾਂ ਲਈ ਵਿਦੇਸ਼ੀ ਆਦਮੀਆਂ ਤੋਂ ਬਚ ਕੇ ਰਹਿਣ ਦੀ ਚੇਤਾਵਨੀ ਛੱਡ ਦਿੱਤੀ ਹੈ। 


ਪਰ ਇਨ੍ਹਾਂ ਹਲਕ-ਫੁਲਕੇ ਅਭਿਆਨਾਂ ਨਾਲ ਜਾਸੂਸਾਂ ਨੂੰ ਕਾਊਂਟਰ ਕਰਨ ਤੋਂ ਵੱਖ ਚੀਨ ਦੀ ਅਸਲੀ ਖੇਡ ਕੁਝ ਜ਼ਿਆਦਾ ਹੀ ਖਤਰਨਾਕ ਹੈ। ਹਾਲ ਹੀ 'ਚ ਛਪੇ 'ਨਿਊਯਾਰਕ ਟਾਈਮਜ਼' ਦੇ ਇਕ ਆਰਟੀਕਲ ਮੁਤਾਬਕ ਚੀਨ ਦੀ ਕਾਰਵਾਈ ਦੇ ਤਹਿਤ 2010 ਤੋਂ 2012 ਵਿਚਾਲੇ ਅਮਰੀਕਾ ਦੀ ਸੈਂਟ੍ਰਲ ਇੰਟੇਲੀਜੇਂਸ ਏਜੰਸੀ (ਸੀ. ਆਈ. ਏ.) ਦੇ ਖੁਫੀਆ ਨੈੱਟਵਰਕ ਦੇ ਕਰੀਬ 20 ਜਾਸੂਸਾਂ ਦੀ ਜਾਂ ਤਾਂ ਹੱਤਿਆ ਕੀਤੀ ਜਾ ਚੁੱਕੀ ਹੈ ਜਾਂ ਉਨ੍ਹਾਂ ਨੂੰ ਜੇਲ 'ਚ ਬੰਦ ਕਰ ਦਿੱਤਾ ਗਿਆ ਹੈ। 
ਨਿਊਯਾਰਕ ਟਾਈਮਜ਼ ਨਾਲ ਗੱਲਬਾਤ ਕਰਦੇ ਹੋਏ 10 ਅਮਰੀਕੀ ਅਧਿਕਾਰੀਆਂ ਨੇ ਆਪਣੇ ਨਾਂ ਨਾ ਜ਼ਾਹਰ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਪਿਛਲੇ ਇਕ ਦਹਾਕੇ 'ਚ ਸੀ. ਆਈ. ਏ. ਦੇ ਖੁਫੀਆ ਨੈੱਟਵਰਕ 'ਚ ਲੱਗੀ ਇਹ ਸਭ ਤੋਂ ਵੱਡੀ ਸੱਟਾਂ 'ਚੋਂ ਇਕ ਹੈ। ਇਹ ਸਭ ਕੁਝ ਕਿਵੇਂ ਹੋਇਆ, ਇਸ ਬਾਰੇ 'ਚ ਹਲੇਂ ਤੱਕ ਸੀ. ਆਈ. ਏ. ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕੀ ਹੈ। 


ਆਰਟੀਕਲ ਮੁਤਾਬਕ ਜਿਨ੍ਹਾਂ ਅਮਰੀਕੀ ਜਾਸੂਸਾਂ ਨੂੰ ਚੀਨ ਨੇ ਮਾਰਿਆ ਉਨ੍ਹਾਂ 'ਚੋਂ ਇਕ ਜਾਸੂਸ ਨੂੰ ਉਸ ਦੇ ਸਹਿਯੋਗੀਆਂ ਦੇ ਸਾਹਮਣੇ ਗੋਲੀ ਮਾਰੀ ਗਈ, ਤਾਂਕਿ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤਾ ਜਾ ਸਕੇ ਕਿ ਜਿਹੜੇ ਅਮਰੀਕਾ ਲਈ ਜਾਸੂਸੀ ਕਰ ਰਹੇ ਹਨ ਉਹ ਵਾਪਸ ਚੱਲੇ ਜਾਣ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀ. ਆਈ. ਏ. ਦੇ ਕਰੀਬ 18 ਤੋਂ 20 ਜਾਸੂਸਾਂ ਦੀ ਚੀਨ ਜਾਂ ਤਾਂ ਹਤਿਆ ਕਰ ਚੁੱਕਿਆ ਹੈ ਜਾਂ ਉਨ੍ਹਾਂ ਨੂੰ ਜੇਲ 'ਚ ਬੰਦ ਕਰ ਰੱਖਿਆ ਹੋਇਆ ਹੈ। 
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਪ੍ਰੈਲ 'ਚ ਚੀਨ ਨੇ ਵਿਦੇਸ਼ੀ ਐੱਨ. ਜੀ. ਓ. 'ਤੇ ਸਖਤ ਪਾਬੰਦੀਆਂ ਵਾਲੇ ਇਕ ਕਾਨੂੰਨ ਪਾਸ ਕੀਤਾ। ਇਨ੍ਹਾਂ ਐੱਨ. ਜੀ. ਓ. 'ਤੇ ਚੀਨ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲੱਗਦਾ ਰਿਹਾ ਹੈ। ਪਿਛਲੇ ਸਾਲ ਇਸੇ ਦੌਰਾਨ ਬੀਜ਼ਿੰਗ ਨੇ ਵਿਦੇਸ਼ੀ ਘੁਸਪੈਠ ਦੇ ਖਤਰਿਆਂ ਖਿਲਾਫ ਜਾਗਰੂਕਤਾ ਫੈਲਾਉਣ ਲਈ ਇਕ ਪਬਲਿਕ ਕੈਂਪੇਨ ਵੀ ਲਾਂਚ ਕੀਤਾ ਸੀ।