ਕੋਰੋਨਾ ਨਾਲ ਜੂਝ ਰਹੇ ਇਟਲੀ ਲਈ ਅੱਗੇ ਆਏ ਪੋਪ ਫਰਾਂਸਿਸ, 60,000 ਯੂਰੋ ਕੀਤੇ ਦਾਨ

04/05/2020 6:49:38 AM

ਰੋਮ, (ਕੈਂਥ)- ਕੋਰੋਨਾ ਵਾਇਰਸ ਨੇ ਇਟਲੀ ਵਿਚ ਜੋ ਤਬਾਹੀ ਮਚਾਈ ਹੈ, ਉਸ ਨਾਲ ਨਜਿੱਠਣ ਲਈ ਬਹੁਤ ਸਾਰੀਆਂ ਸੰਸਥਾਵਾਂ ਦਾਨ ਕਰ ਰਹੀਆਂ ਹਨ। ਈਸਾਈ ਧਰਮ ਦੇ ਮੁਖੀ ਪੋਪ ਫਰਾਂਸਿਸ ਨੇ 60,000 ਯੂਰੋ ਦਾਨ ਦਿੱਤੇ ਹਨ ਤਾਂ ਕਿ ਕੋਰੋਨਾ ਪੀੜਤਾਂ ਦੇ ਇਲਾਜ ਨੂੰ ਸੰਭਵ ਬਣਾਇਆ ਜਾ ਸਕੇ। 

ਮਿਲੀ ਜਾਣਕਾਰੀ ਅਨੁਸਾਰ ਪੋਪ ਨੇ ਇਹ ਰਕਮ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਇਟਲੀ ਦੇ ਸੂਬੇ ਲੋਮਬਾਰਡੀ ਦੇ ਸ਼ਹਿਰ ਬੈਰਗਾਮੋ ਵਿਖੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਨਵੇਂ ਹਸਪਤਾਲ ਬਣਾਉਣ ਲਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿਚ 47,000 ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹਨ ਤੇ ਹੁਣ ਤੱਕ ਇੱਥੇ 8000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 11,000 ਤੋਂ ਵੱਧ ਲੋਕ ਕੋਰੋਨਾਵਾਇਰਸ ਨਾਲ ਲੜਕੇ ਜ਼ਿੰਦਗੀ ਦੀ ਜੰਗ ਜਿੱਤ ਚੁੱਕੇ ਹਨ।

ਉਂਝ ਪੂਰੇ ਇਟਲੀ ਵਿਚ ਇਸ ਸਮੇਂ ਤਕ 15 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਤੇ 1,24,632 ਲੋਕ ਕੋਰੋਨਾ ਪਾਜ਼ੀਟਿਵ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵੱਲੋਂ 10,000 ਯੂਰੋ ਮਦਦ ਕੀਤੀ ਗਈ।

Lalita Mam

This news is Content Editor Lalita Mam