ਕੇਰਲ ''ਚ ਹੜ੍ਹ ਪੀੜਤਾਂ ਨੂੰ ਠੋਸ ਮਦਦ ਦੇਣ ਅੰਤਰਰਾਸ਼ਟਰੀ ਭਾਈਚਾਰੇ: ਪੋਪ ਫ੍ਰਾਂਸਿਸ

08/19/2018 7:59:31 PM

ਵੇਟਿਕਨ ਸਿਟੀ— ਪੋਪ ਫ੍ਰਾਂਸਿਸ ਨੇ ਐਤਵਾਰ ਨੂੰ ਅੰਤਰਰਾਸ਼ਟਰੀ ਭਾਈਚਾਰੇ ਨੂੰ ਸੱਦਾ ਦਿੱਤਾ ਹੈ ਕਿ ਉਹ ਹੜ੍ਹ ਨਾਲ ਪ੍ਰਭਾਵਿਤ ਕੇਰਲ ਦੇ ਪੀੜਤਾਂ ਦੀ ਠੋਸ ਮਦਦ ਕਰਨ। ਵੇਟਿਕਲ ਨਿਊਜ਼ ਮੁਤਾਬਕ ਪੋਪ ਫ੍ਰਾਂਸਿਸ ਨੇ ਸੇਂਟ ਪੀਟਰਸ ਸਕਵਾਇਰ 'ਤੇ ਹੜ੍ਹ ਪੀੜਤਾਂ ਦੇ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕੇਰਲ ਵਾਸੀ ਭਾਰੀ ਵਰਖਾ ਕਾਰਨ ਆਏ ਹੜ੍ਹ ਕਾਰਨ ਮੁਸੀਬਕ 'ਚ ਫਸ ਗਏ ਹਨ। ਵਿਆਪਕ ਨੁਕਸਾਨ ਹੋਇਆ ਹੈ, ਕਈ ਲੋਕ ਲਾਪਤਾ ਹਨ ਤੇ ਕਈ ਆਪਣਾ ਘਰ ਛੱਡ ਚੁੱਕੇ ਹਨ। ਫਸਲਾਂ ਤੇ ਘਰਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਇਨ੍ਹਾਂ ਭਰਾਵਾਂ ਤੇ ਭੈਣਾਂ ਨੂੰ ਅੰਤਰਰਾਸ਼ਟਰੀ ਭਾਈਚਾਰੇ ਦੀ ਇਕਜੁੱਟਤਾ ਤੇ ਠੋਸ ਮਦਦ ਮਿਲੇਗੀ।

ਉਨ੍ਹਾਂ ਨੇ ਕੇਰਲ ਦੀਆਂ ਚਰਚਾਂ ਦਾ ਵੀ ਜ਼ਿਕਰ ਕੀਤਾ ਜੋ ਕਿ ਪ੍ਰਭਾਵਿਤ ਲੋਕਾਂ ਨੂੰ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਪੋਪ ਫ੍ਰਾਂਸਿਸ ਨੇ ਇਸ ਤੋਂ ਬਾਅਦ ਉਥੇ ਮੌਜੂਦ ਲੋਕਾਂ ਦੇ ਨਾਲ ਪੀੜਤਾਂ ਲਈ ਪ੍ਰਾਰਥਨਾ ਕੀਤੀ।