ਸਲੋਵਾਕੀਆ ’ਚ ਵੱਖਰੇ ਅੰਦਾਜ਼ ’ਚ ਨਜ਼ਰ ਆਏ ਪੋਪ ਫ੍ਰਾਂਸਿਸ, ਸੁਣਾਏ ਚੁਟਕਲੇ

09/13/2021 8:41:53 PM

ਬ੍ਰਾਤਿਸਲਾਵਾ (ਸਲੋਵਾਕੀਆ) (ਏ. ਪੀ.)-ਪੋਪ ਫ੍ਰਾਂਸਿਸ ਸੋਮਵਾਰ ਨੂੰ ਸਲੋਵਾਕੀਆ ਦੀ ਆਪਣੀ ਯਾਤਰਾ ਦੌਰਾਨ ਇੱਕ ਵੱਖਰੇ ਅੰਦਾਜ਼ ’ਚ ਨਜ਼ਰ ਆਏ। ਉਨ੍ਹਾਂ ਨੇ ਨਾ ਸਿਰਫ ਆਪਣੇ ਸ਼ੁੱਭਚਿੰਤਕਾਂ ਦਾ ਸਵਾਗਤ ਕੀਤਾ ਬਲਕਿ ਉਨ੍ਹਾਂ ਨੂੰ ਚੁਟਕਲੇ ਸੁਣਾ ਕੇ ਮੁਸਕਰਾਉਣ ਦਾ ਮੌਕਾ ਵੀ ਦਿੱਤਾ। ਪੋਪ ਫ੍ਰਾਂਸਿਸ ਰਾਸ਼ਟਰਪਤੀ ਭਵਨ ਪਹੁੰਚੇ ਤੇ ਬਾਅਦ ’ਚ ਰਾਜਧਾਨੀ ਦੇ ਸੇਂਟ ਮਾਰਟਿਨ ਕੈਥੇਡ੍ਰਲ ’ਚ ਗਏ। ਹੰਗਰੀ ਤੇ ਸਲੋਵਾਕੀਆ ਦੀ ਆਪਣੀ ਚਾਰ ਦਿਨਾ ਯਾਤਰਾ ਦੇ ਦੂਜੇ ਦਿਨ ਪੋਪ ਫ੍ਰਾਂਸਿਸ ਊਰਜਾ ਨਾਲ ਭਰੇ ਦਿਖ ਰਹੇ ਪੋਪ ਫ੍ਰਾਂਸਿਸ ਨੇ ਜੁਲਾਈ ’ਚ ਅੰਤੜੀਆਂ ਦੀ ਸਰਜਰੀ ਕਰਵਾਈ ਸੀ। ਇਸ ਸਰਜਰੀ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਅੰਤਰਰਾਸ਼ਟਰੀ ਯਾਤਰਾ ਹੈ।

ਇੱਕ ਇਟਾਲੀਅਨ ਪੱਤਰਕਾਰ ਵੱਲੋਂ ਇਹ ਪੁੱਛੇ ਜਾਣ ’ਤੇ ਕਿ ਉਹ ਸਲੋਵਾਕ ਪਾਦਰੀਆਂ ਅਤੇ ਨਨਾਂ ਨਾਲ ਸਭਾ ਲਈ ਗਿਰਜਾਘਰ ’ਚ ਇੱਕ ਰੈਂਪ ’ਤੇ ਚੜ੍ਹ ਕੇ ਕਿਹੋ ਜਿਹਾ ਮਹਿਸੂਸ ਕਰ ਰਹੇ ਸਨ, ਉਨ੍ਹਾਂ ਕਿਹਾ, ‘‘ਮੈਂ ਅਜੇ ਵੀ ਜ਼ਿੰਦਾ ਹਾਂ।’’ ਉਨ੍ਹਾਂ ਨੇ ਇਸ ਤੋਂ ਬਾਅਦ ਕਈ ਚੁਟਕਲੇ ਸੁਣਾਏ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉਹ ਹੁਣ ਠੀਕ-ਠਾਕ ਹਨ। ਫ੍ਰਾਂਸਿਸ (84) ਅੰਤੜੀਆਂ ਦੀ ਸਰਜਰੀ ਤੋਂ ਬਾਅਦ ਠੀਕ ਹੋ ਰਹੇ ਹਨ। ਫ੍ਰਾਂਸਿਸ ਸਭਾ ਦੇ ਅੰਤ ’ਚ ਪੁਜਾਰੀਆਂ ਅਤੇ ਬਿਸ਼ਪਾਂ ਦਾ ਸਵਾਗਤ ਕਰਨ ਲਈ ਲੰਮੇ ਸਮੇਂ ਤੱਕ ਖੜ੍ਹੇ ਰਹੇ ਅਤੇ ਉਨ੍ਹਾਂ ’ਚੋਂ ਲੱਗਭਗ ਸਾਰਿਆਂ ਨੇ ਮਾਸਕ ਪਾਏ ਹੋਏ ਸਨ। ਬ੍ਰਾਤਿਸਲਾਵਾ ਦੇ ਰਾਸ਼ਟਰਪਤੀ ਭਵਨ ’ਚ ਦਿਨ ਦੇ ਆਪਣੇ ਪਹਿਲੇ ਪੜਾਅ ’ਤੇ ਫ੍ਰਾਂਸਿਸ ਨੇ ਸਲੋਵਾਕੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਜੁਜਾਨਾ ਕੈਪੁਤੋਵਾ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਹਾਲ ਹੀ ਦੇ ਇਤਿਹਾਸ ’ਚ ਸਭ ਤੋਂ ਵੱਡੀ ਪ੍ਰੀਖਿਆ ਸੀ ਪਰ ਇਹ ਭਵਿੱਖ ਲਈ ਇੱਕ ਸਬਕ ਵੀ ਪੇਸ਼ ਕਰਦੀ ਹੈ।


Manoj

Content Editor

Related News