ਹਵਾਦਾਰ ਘਰ ਨਾ ਹੋਣ ਕਾਰਣ ਵੀ ਕੋਰੋਨਾ ਵਾਇਰਸ ਫੈਲਣ ਦਾ ਖਤਰਾ

05/30/2020 1:16:59 AM

ਲੰਡਨ- ਇਕ ਨਵੇਂ ਅਧਿਐਨ ਵਿਚ ਪਤਾ ਲੱਗਿਆ ਹੈ ਕਿ ਘਰ ਤੇ ਦਫਤਰ ਦੇ ਲੋੜੀਂਦੇ ਹਵਾਦਾਰ ਨਾਲ ਹੋਣ ਕਾਰਣ ਵੀ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦਾ ਖਤਰਾ ਵਧ ਸਕਦਾ ਹੈ। ਕੋਰੋਨਾ ਜਿਹੇ ਕਈ ਵਾਇਰਸ ਆਕਾਰ ਵਿਚ 100 ਮਾਈਕ੍ਰੋਨ ਤੋਂ ਵੀ ਛੋਟੇ ਹੁੰਦੇ ਹਨ। ਖੰਘਦੇ ਜਾਂ ਛਿੱਕਦੇ ਵੇਲੇ ਤਰਲ ਕਣਾਂ ਦੇ ਨਾਲ ਵਾਇਰਸ ਵੀ ਨਿਕਲਦੇ ਹਨ।

ਬੰਦ ਥਾਵਾਂ 'ਤੇ ਇਨਫੈਕਸ਼ਨ ਦਾ ਖਤਰਾ ਵਧੇਰੇ
ਬ੍ਰਿਟੇਨ ਦੀ ਸਰੇ ਯੂਨੀਵਰਸਿਟੀ ਦੇ ਖੋਜਕਾਰਾਂ ਮੁਤਾਬਕ ਇਹ ਤਰਲ ਕਣ ਵਾਸ਼ਪਿਤ ਹੋ ਜਾਂਦੇ ਹਨ ਪਰ ਉਨ੍ਹਾਂ ਥਾਵਾਂ 'ਤੇ ਠਹਿਰ ਵੀ ਜਾਂਦੇ ਹਨ ਜਿਥੇ ਹਵਾ ਦੀ ਆਵਾਜਾਈ ਨਹੀਂ ਹੁੰਦੀ। ਸਮੇਂ ਦੇ ਨਾਲ ਵਾਇਰਸ ਦੀ ਗਿਣਤੀ ਵਧਦੀ ਜਾਂਦੀ ਹੈ। ਇਸ ਨਾਲ ਬੰਦ ਥਾਵਾਂ 'ਤੇ ਇਨਫੈਕਸ਼ਨ ਦਾ ਖਤਰਾ ਵਧਣ ਲੱਗਦਾ ਹੈ। ਖੋਜਕਾਰਾਂ ਨੇ ਆਪਣੇ ਅਧਿਐਨ ਵਿਚ ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਦੇ ਲਈ ਇਮਾਰਤਾਂ ਨੂੰ ਹਵਾਦਾਰ ਬਣਾਏ ਜਾਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ।

ਘਰ ਵਿਚ ਵੀ ਮਾਸਕ ਪਾਉਣਾ ਜ਼ਰੂਰੀ
ਕੋਰੋਨਾ ਵਾਇਰਸ ਨਾਲ ਇਸ ਵੇਲੇ ਪੂਰੀ ਦੁਨਆ ਜੂਝ ਰਹੀ ਹੈ। ਇਸ ਖਤਰਨਾਕ ਵਾਇਰਸ ਤੋਂ ਬਚਾਅ ਲਈ ਕਈ ਉਪਾਅ ਦੱਸੇ ਜਾ ਰਹੇ ਹਨ। ਹੁਣ ਇਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਘਰ ਵਿਚ ਵੀ ਫੇਸ ਮਾਸਕ ਪਾਉਣ ਨਾਲ ਪਰਿਵਾਰਕ ਮੈਂਬਰਾਂ ਵਿਚਾਲੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਮਦਦ ਮਿਲ ਸਕਦੀ ਹੈ।

ਪਰਿਵਾਰ ਦੇ ਮੈਂਬਰਾਂ ਵਿਚਾਲੇ ਇਨਫੈਕਸ਼ਨ ਰੋਕਣ ਨਾਲ ਮਿਲਦੀ ਹੈ ਮਦਦ
ਬੀ.ਐਮ.ਜੇ. ਗਲੋਬਲ ਹੈਲਥ ਮੈਗੇਜ਼ੀਨ ਵਿਚ ਛਪੇ ਅਧਿਐਨ ਮੁਤਾਬਕ ਜੇਕਰ ਕੋਈ ਵਿਅਕਤੀ ਇਨਫੈਕਟਿਡ ਹੁੰਦਾ ਹੈ ਤਾਂ ਲੱਛਣ ਦਿਖਣ ਤੋਂ ਪਹਿਲਾਂ ਘਰ ਵਿਚ ਮਾਸਕ ਪਾਉਣ ਨਾਲ ਵਾਇਰਸ ਦੇ ਪ੍ਰਸਾਰ ਨੂੰ 79 ਫੀਸਦੀ ਤੱਕ ਰੋਕਿਆ ਜਾ ਸਕਦਾ ਹੈ। ਚੀਨ ਦੇ ਬੀਜਿੰਗ ਰਿਸਰਚ ਸੈਂਟਰ ਦੇ ਖੋਜਕਾਰਾਂ ਨੇ ਦੱਸਿਆ ਕਿ ਹਾਲਾਂਕਿ ਲੱਛਣ ਉਭਰਣ ਤੋਂ ਬਾਅਦ ਇਸ ਉਪਾਅ ਨੂੰ ਬਚਾਅ ਵਿਚ ਕਾਰਗਰ ਨਹੀਂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਚੀਨ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਅਧਿਐਨ ਤੋਂ ਜ਼ਾਹਿਰ ਹੁੰਦਾ ਹੈ ਕਿ ਜ਼ਿਆਦਾਤਰ ਲੋਕ ਪਰਿਵਾਰਾਂ ਵਿਚ ਇਨਫੈਕਟਿਡ ਹੋਏ ਸਨ। ਉਥੋਂ ਹੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਕੋਰੋਨਾ ਦਾ ਪ੍ਰਸਾਰ ਹੋਇਆ ਸੀ।

Baljit Singh

This news is Content Editor Baljit Singh