ਚੀਨ ਅਤੇ ਅਲ ਸਲਵਾਡੋਰ ਵਿਚਕਾਰ ਰਾਜਨੀਤਕ ਸਬੰਧ ਸ਼ੁਰੂ, ਤਾਇਵਾਨ ਨੂੰ ਲੱਗਾ ਝਟਕਾ

08/21/2018 3:34:07 PM

ਬੀਜਿੰਗ(ਭਾਸ਼ਾ)— ਕੌਮਾਂਤਰੀ ਬਿਰਾਦਰੀ 'ਚੋਂ ਤਾਇਵਾਨ ਨੂੰ ਵੱਖ ਕਰਨ ਦੀਆਂ ਕੋਸ਼ਿਸ਼ਾਂ 'ਚ ਇਕ ਵਾਰ ਫਿਰ ਸਫਲ ਹੁੰਦੇ ਹੋਏ ਅੱਜ ਚੀਨ ਨੇ ਮੱਧ ਅਮਰੀਕੀ ਦੇਸ਼ ਅਲ ਸਲਵਾਡੋਰ ਨਾਲ ਰਾਜਨੀਤਕ ਸਬੰਧ ਸਥਾਪਤ ਕਰ ਲਏ ਹਨ। ਬੀਜਿੰਗ ਲੋਕਤੰਤਰੀ ਰੁਪ ਨਾਲ ਸ਼ਾਸਿਤ ਤਾਇਵਾਨ ਤੋਂ ਕੌਮਾਂਤਰੀ ਸਮਰਥਨ ਨੂੰ ਖੋਹਣ ਲਈ ਆਪਣੀ ਆਰਥਿਕ ਤਾਕਤ ਦੀ ਵਰਤੋਂ ਕਰ ਰਿਹਾ ਹੈ। ਹੁਣ ਤਾਇਵਾਨ ਕੋਲ ਦੁਨੀਆਭਰ 'ਚ ਸਿਰਫ 17 ਰਾਜਨੀਤਕ ਸਹਿਯੋਗੀ ਰਹਿ ਗਏ ਹਨ।


ਬੀਜਿੰਗ 'ਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਇਕ ਰਣਨੀਤਕ ਫੈਸਲਾ ਲਿਆ ਹੈ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਲਈ ਸਹੀ ਅਤੇ ਲਾਭਦਾਇਕ ਰਾਹ ਚੁਣਿਆ ਹੈ। ਅਲ ਸਲਵਾਡੋਰ ਦੇ ਰਾਸ਼ਟਰਪਤੀ ਸਲਵਾਡੋਰ ਸਾਂਚੇਜ ਕੇਰੇਨ ਨੇ ਸੋਮਵਾਰ ਰਾਤ ਨੂੰ ਰਾਸ਼ਟਰੀ ਟੀ.ਵੀ. 'ਤੇ ਆਪਣੇ ਭਾਸ਼ਣ 'ਚ ਕਿਹਾ ,''ਮੈਂ ਘੋਸ਼ਣਾ ਕਰਦਾ ਹਾਂ ਕਿ ਮੇਰੀ ਸਰਕਾਰ ਨੇ ਅਲ ਸਲਵਾਡੋਰ ਗਣਰਾਜ ਅਤੇ ਤਾਇਵਾਨ ਵਿਚਕਾਰ ਅੱਜ ਤਕ ਜੋ ਰਾਜਨੀਤਕ ਸਬੰਧ ਸਨ, ਉਨ੍ਹਾਂ ਨੂੰ ਤੋੜਨ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਪੀਪਲਜ਼ ਰੀਪਬਲਿਕ ਆਫ ਚਾਈਨਾ ਨਾਲ ਰਾਜਨੀਤਕ ਸਬੰਧ ਸਥਾਪਤ ਕਰਨ ਦਾ ਫੈਸਲਾ ਲਿਆ ਹੈ।'' ਇਸ ਤੋਂ ਪਹਿਲਾਂ ਤਾਇਵਾਨ ਨੇ ਅਲ ਸਲਵਾਡੋਰ ਦੇ ਬੀਜਿੰਗ ਨਾਲ ਰਾਜਨੀਤਕ ਸਬੰਧ ਸਥਾਪਤ ਕਰਨ ਦੇ ਇਰਾਦੇ ਨੂੰ ਦੇਖਦਿਆਂ ਮੱਧ ਅਮਰੀਕੀ ਦੇਸ਼ ਨਾਲ ਆਪਣੇ ਸਬੰਧਾਂ ਨੂੰ ਖਤਮ ਕਰਨ ਦੀ ਘੋਸ਼ਣਾ ਕੀਤੀ ਸੀ।