ਫਿਲਪੀਨਜ਼ ''ਚ ਪੁਲਸ ਨੇ 13 ਨਸ਼ੀਲੇ ਪਦਾਰਥ ਤਸਕਰਾਂ ਨੂੰ ਕੀਤਾ ਢੇਰ

08/18/2017 12:50:32 PM

ਮਨੀਲਾ— ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਵਿਚ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਜਾਰੀ ਮੁਹਿੰਮ ਦੇ ਤੀਜੇ ਦਿਨ ਕੱਲ ਭਾਵ ਵੀਰਵਾਰ ਨੂੰ 13 ਤਸਕਰਾਂ ਨੂੰ ਮਾਰ ਡਿਗਾਇਆ। ਪਿਛਲੇ ਤਿੰਨ ਦਿਨਾਂ ਵਿਚ ਹੁਣ ਤੱਕ ਘੱਟੋ-ਘੱਟ 80 ਤਸਕਰ ਪੁਲਸ ਮੁਹਿੰਮ ਵਿਚ ਮਾਰੇ ਜਾ ਚੁੱਕੇ ਹਨ। ਪੁਲਸ ਨੇ ਰਾਜਧਾਨੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਇਨ੍ਹਾਂ ਤਸਕਰਾਂ ਵਿਰੁੱਧ ਜ਼ੋਰਦਾਰ ਮੁਹਿੰਮ ਛੇੜੀ ਹੋਈ ਹੈ ਅਤੇ ਇਸ ਹਫਤੇ ਦੇ ਸ਼ੁਰੂ ਵਿਚ ਪੁਲਸ ਨਾਲ ਮੁਕਾਬਲੇ ਦੌਰਾਨ 67 ਤਸਕਰ ਮਾਰੇ ਗਏ ਸਨ।
ਪੁਲਸ ਨੇ ਇਸ ਮੁਹਿੰਮ ਨੂੰ 'ਵਨ ਟਾਈਮ ਬਿੱਗ ਟਾਈਮ' ਦਾ ਨਾਂ ਦਿੱਤਾ ਹੈ। ਰਾਸ਼ਟਰਪਤੀ ਰੋਡ੍ਰਿਗੋ ਦੁਤੇਰਤੇ ਨੇ ਦੇਸ਼ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਨਜਿੱਠਣ ਲਈ ਪੁਲਸ ਨੂੰ ਪੂਰੀ ਛੋਟ ਦਿੱਤੀ ਹੋਈ ਹੈ। ਹਾਲਾਂਕਿ ਰਾਸ਼ਟਰਪਤੀ ਦੇ ਵਿਰੋਧੀ ਖੇਮੇ ਦੀ ਨੇਤਾ ਅਤੇ ਉੱਪ ਰਾਸ਼ਟਰਪਤੀ ਲੇਨੀ ਰੋਬਿਦਰੋ ਨੇ ਪੁਲਸ ਦੀ ਇਸ ਮੁਹਿੰਮ ਦੀ ਨਿੰਦਾ ਕੀਤੀ ਹੈ। ਇਸ ਦਰਮਿਆਨ ਖੱਬੇ ਪੱਖੀ ਦਲਾਂ ਵਾਲੇ ਬਾਇਨ ਮੂਵਮੈਂਟ ਦੇ ਜਨਰਲ ਸਕੱਤਰ ਰਿਨਾਟੋ ਰਿਯੀਸ ਨੇ ਇਨ੍ਹਾਂ ਘਟਨਾਵਾਂ 'ਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਮਾਮਲਿਆਂ ਦਾ ਹੱਲ ਜ਼ਰੂਰੀ ਹੈ ਅਤੇ ਇਨ੍ਹਾਂ ਨਾਲ ਨਜਿੱਠਣ ਦਾ ਤਰੀਕਾ ਨਿਸ਼ਚਿਤ ਰੂਪ ਨਾਲ ਅਸਫਲ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਦੇ ਦਫਤਰ ਵਿਚ ਯੋਜਨਾਬੱਧ ਤਰੀਕੇ ਨਾਲ ਹੋ ਰਹੀਆਂ ਇਨ੍ਹਾਂ ਹੱਤਿਆਵਾਂ ਦੀ ਨਿੰਦਾ ਕਰਨ ਲਈ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ।