ਕੰਦੀਲ ਬਲੋਚ ਕਤਲਕਾਂਡ: ਫਰਾਰ ਭਰਾ ਇੰਟਰਪੋਲ ਦੀ ਮਦਦ ਨਾਲ ਗ੍ਰਿਫਤਾਰ

10/06/2019 4:06:30 PM

ਮੁਲਤਾਨ— ਪਾਕਿਸਤਾਨ 'ਚ ਮੋਸ਼ਲ ਮੀਡੀਆ ਦੀ ਮਸ਼ਹੂਰ ਹਸਤੀ ਤੇ ਲੋਕਪ੍ਰਿਯ ਮਾਡਲ ਕੰਦੀਲ ਬਲੋਚ ਦੇ ਕਤਲ ਦੇ ਮਾਮਲੇ 'ਚ ਪੁਲਸ ਹੱਥ ਸ਼ਨੀਵਾਰ ਨੂੰ ਇਕ ਵੱਡੀ ਸਫਲਤਾ ਲੱਗੀ ਹੈ। ਬਲੋਚ ਦੇ ਫਰਾਰ ਭਰਾ ਮੁਹੰਮਦ ਆਰਿਫ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਆਰਿਫ ਦੀ ਗ੍ਰਿਫਤਾਰੀ ਇੰਟਰਪੋਲ ਦੀ ਮਦਦ ਨਾਲ ਹੋਈ ਹੈ।

ਪਾਕਿਸਤਾਨ ਦੇ ਨਿਊਜ਼ ਚੈਨਲ ਡਾਨ ਮੁਤਾਬਕ ਐੱਸ.ਐੱਚ.ਓ. ਮਹਰ ਬਸ਼ੀਰ ਹੀਰਾਜ ਨੇ ਦੱਸਿਆ ਕਿ ਆਰਿਫ ਨੂੰ ਮੁਲਤਾਨ ਦੇ ਮੁਜ਼ੱਫਰਾਬਾਦ ਪੁਲਸ ਸਟੇਸ਼ਨ ਨੂੰ ਸੌਂਪਿਆ ਗਿਆ ਹੈ। ਆਰਿਫ ਨੂੰ ਬਲੋਚ ਦੇ ਕਤਲ ਮਾਮਲੇ 'ਚ ਫਰਾਰ ਐਲਾਨ ਕੀਤਾ ਗਿਆ ਸੀ। ਇਸ ਗ੍ਰਿਫਤਾਰੀ ਤੋਂ ਲਗਭਗ ਇਕ ਹਫਤਾ ਪਹਿਲਾਂ ਪਾਕਿਸਤਾਨ ਦੀ ਇਕ ਅਦਾਲਤ ਨੇ ਕੰਦੀਲ ਦੇ ਇਕ ਹੋਰ ਭਰਾ ਵਸੀਮ ਖਾਨ ਨੂੰ ਆਪਣੀ ਭੈਣ ਦੇ ਕਤਲ ਮਾਮਲੇ 'ਚ ਉਮਰਕੈਦ ਦੀ ਸਜ਼ਾ ਸੁਣਾਈ ਸੀ।

ਜ਼ਿਕਰਯੋਗ ਹੈ ਕਿ ਕੰਦੀਲ ਬਲੋਚ ਨੂੰ 2016 'ਚ ਉਸ ਦੇ ਭਰਾ ਵਸੀਮ ਨੇ ਪੰਜਾਬ 'ਚ ਉਸ ਦੇ ਘਰ 'ਤੇ ਗਲਾ ਦਬਾ ਕੇ ਕਤਲ ਕਰ ਦਿੱਤਾ ਸੀ। ਉਸ ਦੇ ਪਿਤਾ ਮੁਹੰਮਦ ਅਜ਼ੀਮ ਬਲੋਚ ਨੇ ਵਸੀਮ ਸਣੇ ਹੋਰ ਲੋਕਾਂ ਦੇ ਖਿਲਾਫ ਇਸ ਮਾਮਲੇ 'ਚ ਕਤਲ ਦਾ ਕੇਸ ਦਰਜ ਕਰਵਾਇਆ ਸੀ। 2016 'ਚ ਪ੍ਰੋਸੀਕਿਊਸ਼ਨ ਵਲੋਂ ਦਿੱਤੇ ਹਲਫਨਾਮੇ 'ਚ ਦੋ ਹੋਰ ਬੇਟਿਆਂ, ਅਸਲਮ ਸ਼ਾਹੀਨ ਤੇ ਆਰਿਫ ਦਾ ਵੀ ਨਾਂ ਸੀ। ਆਰਿਫ ਨੂੰ ਹੁਣ ਇਕ ਵਿਸ਼ੇਸ਼ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹਾਲਾਂਕਿ ਵਸੀਮ ਇਸ ਤੋਂ ਪਹਿਲਾਂ ਵੀ ਆਪਣਾ ਜੁਰਮ ਕਬੂਲ ਕਰ ਚੁੱਕਿਆ ਸੀ।

ਵਸੀਮ ਨੇ ਅਜਿਹਾ ਕਰਦਿਆਂ ਕਿਹਾ ਸੀ ਕਿ ਉਸ ਦੀ ਭੈਣ ਨੇ ਆਪਣੇ ਬੋਲਡ ਲਾਈਫਸਟਾਇਲ ਨਾਲ ਪਰਿਵਾਰ ਨੂੰ ਸ਼ਰਮਸਾਰ ਕੀਤਾ ਹੈ। ਉਸ ਨੇ ਕਿਹਾ ਕਿ ਕੰਦੀਲ ਨੇ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਵੀਡੀਓ ਤੇ ਬਿਆਨਾਂ ਨਾਲ ਬਲੋਚ ਦਾ ਅਪਮਾਨ ਕੀਤਾ ਹੈ। ਦੱਸਣਯੋਗ ਹੈ ਕਿ ਕੰਦੀਲ ਇੰਟਰਨੈੱਟ 'ਤੇ ਬਹੁਤ ਮਸ਼ਹੂਰ ਸੀ। ਇਸੇ ਕਾਰਨ ਉਸ ਨੂੰ ਪਾਕਿਸਤਾਨ ਦੀ ਕਿਮ ਕਰਦਾਰਸ਼ੀਆ ਕਿਹਾ ਜਾਣ ਲੱਗਿਆ ਸੀ। ਕੰਦੀਲ ਅਕਸਰ ਸੋਸ਼ਲ ਮੀਡੀਆ 'ਤੇ ਵਿਵਾਦਿਤ ਮੁੱਦਿਆਂ 'ਤੇ ਆਪਣੇ ਰਾਇ ਰੱਖਦੀ ਸੀ। ਸੋਸ਼ਲ ਮੀਡੀਆ 'ਤੇ ਉਸ ਦੇ ਹਜ਼ਾਰਾਂ ਫਾਲੋਅਰਸ ਸਨ।


Baljit Singh

Content Editor

Related News