ਟੈਟੂ ਦਾ ਸ਼ੌਂਕ ਕੁੜੀ ਨੂੰ ਪਿਆ ਭਾਰੀ, ਗਵਾਈ ਅੱਖਾਂ ਦੀ ਰੋਸ਼ਨੀ

03/01/2020 3:48:14 PM

ਵਾਰਸਾ (ਬਿਊਰੋ): ਮੌਜੂਦਾ ਸਮੇਂ ਵਿਚ ਟੈਟੂ ਬਣਵਾਉਣਾ ਆਮ ਗੱਲ ਹੈ।ਇਸ ਦੌਰਾਨ ਹੋਣ ਵਾਲੀ ਛੋਟੀ ਜਿਹੀ ਗਲਤੀ ਦਾ ਖਤਰਨਾਕ ਨਤੀਜਾ ਨਿਕਲ ਸਕਦਾ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਪੋਲੈਂਡ ਦਾ ਸਾਹਮਣੇ ਆਇਆ ਹੈ। ਇੱਥੇ ਇਕ 25 ਸਾਲਾ ਕੁੜੀ ਨੇ ਫੈਸ਼ਨ ਲਈ ਟੈਟੂ ਆਰਟੀਸਟ ਤੋਂ ਆਪਣੀਆਂ ਦੋਹਾਂ ਅੱਖਾਂ ਨੂੰ ਕਲਰ ਕਰਵਾਉਣ ਦਾ ਫੈਸਲਾ ਲਿਆ। ਪਰ ਕੁੜੀ ਦਾ ਇਹ ਫੈਸਲਾ ਉਸ ਲਈ ਖਤਰਨਾਕ ਸਾਬਤ ਹੋਇਆ। ਇਸ ਫੈਸਲੇ ਨਾਲ ਕੁੜੀ ਦੀ ਇਕ ਅੱਖ ਦੀ ਰੋਸ਼ਨੀ ਜਾ ਚੁੱਕੀ ਹੈ ਅਤੇ ਦੂਜੀ ਅੱਖ ਤੋਂ ਵੀ ਉਸ ਨੂੰ ਜਲਦੀ ਹੀ ਦਿਸਣਾ ਬੰਦ ਹੋ ਜਾਵੇਗਾ।

ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਪੋਲੈਂਡ ਦੇ ਵਰੋਕਲਾ ਦੀ ਰਹਿਣ ਵਾਲੀ ਅਲੈਗਜ਼ੈਂਡਰਾ ਸਡੋਵਸਕਾ 25 ਸਾਲ ਦੀ ਹੈ। ਅੱਖਾਂ ਨੂੰ ਕਲਰ ਕਰਾਉਣ ਦੇ ਠੀਕ ਬਾਅਦ ਉਸ ਨੂੰ ਦਰਦ ਹੋਣ ਲੱਗਾ। ਇਸ ਦੇ ਬਾਅਦ ਹੋਣ ਵਾਲੇ ਦਰਦ ਨੂੰ ਸਧਾਰਨ ਦੱਸਿਆ ਗਿਆ ਅਤੇ ਇਲਾਜ ਦੇ ਤੌਰ 'ਤੇ ਸਿਰਫ ਪੇਨਕਿਲਰ ਦਿੱਤੇ ਗਏ। ਅਲੈਗਜ਼ੈਂਡਰਾ ਨੇ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਨੂੰ ਬਲੈਕ ਰੰਗ ਕਰਵਾਇਆ ਸੀ। ਅਸਲ ਵਿਚ ਉਹ ਰੈਪ ਆਰਟੀਸਟ ਪੋਪੇਕ ਦੀ ਤਰ੍ਹਾਂ ਆਪਣੀਆਂ ਅੱਖਾਂ ਨੂੰ ਕਲਰ ਕਰਵਾਉਣਾ ਚਾਹੁੰਦੀ ਸੀ। 

ਅਲੈਗਜ਼ੈਂਡਰਾ ਨੂੰ ਬਲਾਈਂਡ ਕਰਨ ਦੇ ਦੋਸ਼ਾਂ ਦੇ ਤਹਿਤ ਸਬੰਧਤ ਟੈਟੂ ਆਰਟੀਸਟ ਨੂੰ 3 ਸਾਲ ਦੀ ਸਜ਼ਾ ਹੋ ਸਕਦੀ ਹੈ। ਉਸ 'ਤੇ ਗੈਰ ਇਰਾਦਤਨ ਕੁੜੀ ਨੂੰ ਅਪਾਹਜ਼ ਕਰਨ ਦਾ ਦੋਸ਼ ਲੱਗਿਆ ਹੈ।ਇਸ ਮਾਮਲੇ ਵਿਚ ਇਕ ਜਾਂਚ ਵੀ ਕੀਤੀ ਗਈ ਅਤੇ ਪਾਇਆ ਗਿਆ ਕਿ ਟੈਟੂ ਆਰਟੀਸਟ ਨੇ ਅੱਖਾਂ ਨੂੰ ਕਲਰ ਕਰਨ ਵਿਚ ਗੰਭੀਰ ਗਲਤੀਆਂ ਕੀਤੀਆਂ ਸਨ। ਡਾਕਟਰ ਨੇ ਕਿਹਾ ਕਿ ਅਲੈਗਜ਼ੈਂਡਰਾ ਦੀਆਂ ਅੱਖਾਂ ਨੂੰ ਜਿਹੜਾ ਨੁਕਸਾਨ ਪਹੁੰਚਿਆ ਹੈ ਉਸ ਨੂੰ ਵਾਪਸ ਠੀਕ ਨਹੀਂ ਕੀਤਾ ਜਾ ਸਕਦਾ। ਡਾਕਟਰਾਂ ਮੁਤਾਬਕ,''ਅਲੈਗਜ਼ੈਂਡਰਾ ਦੀ ਇਕ ਅੱਖ ਦੀ ਰੋਸ਼ਨੀ ਪੂਰੀ ਤਰ੍ਹਾਂ ਜਾ ਚੁੱਕੀ ਹੈ ਅਤੇ ਜਲਦੀ ਹੀ ਉਸ ਨੂੰ ਦੂਜੀ ਅੱਖ ਤੋਂ ਵੀ ਦਿਸਣਾ ਬੰਦ ਹੋ ਜਾਵੇਗਾ।''

Vandana

This news is Content Editor Vandana