ਆਸਟ੍ਰੇਲੀਆ ਦੇ ਪੀ.ਐੱਮ. ਨੇ ਦੇਸ਼ਵਾਸੀਆਂ ਤੋਂ ਮੰਗੀ 'ਮੁਆਫ਼ੀ', ਜਾਣੋ ਵਜ੍ਹਾ

07/25/2021 4:34:18 PM

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਬੀਤੀ 22 ਜੁਲਾਈ ਨੂੰ ਦੇਸ਼ਵਾਸੀਆਂ ਤੋਂ ਕੋਰੋਨਾ ਵਾਇਰਸ ਟੀਕਾਕਰਨ ਦੀ ਹੌਲੀ ਗਤੀ ਲਈ ਮੁਆਫ਼ੀ ਮੰਗੀ ਹੈ। ਆਸਟ੍ਰੇਲੀਆ ਵਿਚ ਪਿਛਲੇ 9 ਹਫ਼ਤਿਆਂ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਸਿਡਨੀ ਜਿਹੇ ਸ਼ਹਿਰਾਂ ਵਿਚ ਕੋਰੋਨਾ ਦਾ ਪ੍ਰਕੋਪ ਦੁਬਾਰਾ ਵੱਧਦਾ ਜਾ ਰਿਹਾ ਹੈ। ਮੀਡੀਆ ਨਾਲ ਗੱਲ ਕਰਦਿਆਂ ਮੌਰੀਸਨ ਨੇ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਅਸੀਂ ਇਸ ਸਾਲ ਦੀ ਸ਼ੁਰੂਆਤ ਵਿਚ ਆਸ ਦੇ ਮੁਕਾਬਲੇ ਕੰਮ ਕਰ ਨਹੀਂ ਕਰ ਸਕੇ। 

ਉਹਨਾਂ ਨੇ ਅੱਗੇ ਕਿਹਾ ਕਿ ਮੈਂ ਟੀਕਾਕਰਨ ਪ੍ਰੋਗਰਾਮ ਦੀ ਜ਼ਿੰਮੇਵਾਰੀ ਲੈਂਦਾ ਹਾਂ। ਮੈਂ ਉਹਨਾਂ ਚੁਣੌਤੀਆਂ ਦੀ ਵੀ ਜ਼ਿੰਮੇਵਾਰੀ ਲੈਂਦਾ ਹਾਂ ਜੋ ਸਾਨੂੰ ਮਿਲੀਆਂ ਹਨ। ਕੁਝ ਚੀਜ਼ਾਂ ਸਾਡੇ ਕੰਟਰੋਲ ਵਿਚ ਨਹੀਂ ਹੁੰਦੀਆਂ। ਮੌਰੀਸਨ 'ਤੇ ਟੀਕਾਕਰਨ ਦੀ ਦਰ ਵਿਚ ਸੁਧਾਰ ਲਿਆਉਣ ਲਈ ਭਾਰੀ ਦਬਾਅ ਹੈ। ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਵਿਚ ਹਰੇਕ ਦਿਨ ਔਸਤਨ 1.5 ਲੱਖ ਕੋਰੋਨਾ ਟੀਕੇ ਲਗਾਏ ਜਾ ਰਹੇ ਹਨ ਜੋ ਕਿ ਘੱਟ ਹਨ। ਆਸਟ੍ਰੇਲੀਆ ਹੁਣ ਤੱਕ ਸਿਰਫ 11 ਫੀਸਦੀ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕਰ ਪਾਇਆ ਹੈ। ਵਿਕਸਿਤ ਦੇਸ਼ਾਂ ਦੀ ਗੱਲ ਕਰੀਏ ਤਾਂ ਟੀਕਾਕਰਨ ਦੇ ਮਾਮਲੇ ਵਿਚ ਆਸਟ੍ਰੇਲੀਆ ਸਭ ਤੋਂ ਪਿੱਛੇ ਚੱਲ ਰਿਹਾਹੈ । 

ਪੜ੍ਹੋ ਇਹ ਅਹਿਮ ਖਬਰ - ਯੂਕੇ: ਸਿਹਤ ਸਕੱਤਰ ਸਾਜਿਦ ਜਾਵਿਦ ਹੋਏ ਸਿਹਤਯਾਬ, ਲੋਕਾਂ ਨੂੰ ਟੀਕਾ ਲਗਵਾਉਣ ਦੀ ਕੀਤੀ ਅਪੀਲ

ਆਸਟ੍ਰੇਲੀਆ ਦੇ ਦੋ ਸਭ ਤੋਂ ਵੱਡੇ ਰਾਜਾਂ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿਚ ਇਨਫੈਕਸ਼ਨ ਦਰ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਸਿਡਨੀ ਵਿਚ 26 ਜੂਨ ਤੋਂ 30 ਜੁਲਾਈ ਤੱਕ ਤਾਲਾਬੰਦੀ ਲਾਗੂ ਰਹੇਗੀ। ਵਿਕਟੋਰੀਆ ਵੀ ਕਰੀਬ ਦੋ ਹਫ਼ਤੇ ਦੀ ਤਾਲਾਬੰਦੀ ਵਿਚ ਹੈ। ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡਿਸ ਬੇਰੇਜਿਕਲੀਅਨ ਨੇ ਕਿਹਾ ਹੈ ਕਿ ਜੇਕਰ ਅਸੀਂ ਕੁਝ ਹਫ਼ਤੇ ਪਹਿਲਾਂ ਤਾਲਾਬੰਦੀ ਨਾ ਲਗਾਈ ਹੁੰਦੀ ਤਾਂ ਅੱਜ ਇਨਫੈਕਸ਼ਨ ਦੀ ਦਰ 110 ਦੀ ਬਜਾਏ ਹਜ਼ਾਰਾਂ ਵਿਚ ਹੁੰਦੀ। ਆਸਟ੍ਰੇਲੀਆਈ ਸਰਕਾਰ ਨੇ ਕਿਹਾ ਹੈ ਕਿ ਉਹ 2021 ਦੇ ਅਖੀਰ ਤੱਕ ਆਪਣੀ ਆਬਾਦੀ ਦੇ ਟੀਕਾਕਰਨ  ਦੇ ਉਦੇਸ਼ ਨੂੰ ਪੂਰੀ ਕਰ ਲਵੇਗੀ। ਆਸਟ੍ਰੇਲੀਆਈ ਲੋਕਾਂ ਨੂੰ ਆਉਣ ਵਾਲੇ ਹਫ਼ਤਿਆਂ ਵਿਚ ਮੋਡਰਨਾ ਅਤੇ ਫਾਈਜ਼ਰ ਦੀਆਂ ਲੱਖਾਂ ਕੋਰੋਨਾ ਵੈਕੀਸਨ ਖੁਰਾਕਾਂ ਮਿਲਣ ਦੀ ਆਸ ਹੈ। ਇਸ ਦੇ ਉਲਟ ਸਿਹਤ ਅਧਿਕਾਰੀਆਂ ਦੀ ਸ਼ਿਕਾਇਤ ਹੈ ਕਿ ਮੌਜੂਦਾ ਸਮੇਂ ਵਿਚ ਆਸਟ੍ਰੇਲੀਆ ਕੋਲ ਪ੍ਰਮੁੱਖ ਤੌਰ 'ਤੇ ਸਿਰਫ ਐਸਟ੍ਰਾਜ਼ੈਨੇਕਾ ਵੈਕਸੀਨ ਹੈ ਜਦਕਿ 2021 ਦੇ ਅਖੀਰ ਤੋਂ ਬਹੁਤ ਪਹਿਲਾਂ ਫਾਈਜ਼ਰ ਵੈਕਸੀਨ ਦੀ ਵੱਡੀ ਖੇਪ ਮਿਲਣ ਦੀ ਆਸ ਨਹੀਂ ਹੈ।

Vandana

This news is Content Editor Vandana