ਬ੍ਰਿਟੇਨ ਦੀ ਪੀ. ਐੱਮ. ਨੂੰ ਮਿਲੇ ਮੋਦੀ, ਲੱਗੇ 'ਮੋਦੀ-ਮੋਦੀ' ਦੇ ਨਾਅਰੇ

04/18/2018 5:50:59 PM

ਲੰਡਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ 3 ਦੇਸ਼ਾਂ ਦੀ ਯਾਤਰਾ ਦੇ ਦੂਜੇ ਪੜਾਅ ਵਿਚ ਲੰਡਨ ਪਹੁੰਚੇ। ਮੋਦੀ ਨੇ ਬੁੱਧਵਾਰ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਦਰਮਿਆਨ ਦੋ-ਪੱਖੀ ਗੱਲਬਾਤ ਹੋਈ। ਇਸ ਮੁਲਾਕਾਤ ਦੌਰਾਨ ਉਨ੍ਹਾਂ ਦੇ ਸਮਰਥਕਾਂ ਨੇ ਮੋਦੀ-ਮੋਦੀ ਦੇ ਨਾਅਰੇ ਲਾਏ। ਮੋਦੀ ਨੇ ਲੰਡਨ ਵਿਚ ਪ੍ਰਿੰਸ ਚਾਲਰਸ ਨਾਲ ਵੀ ਮੁਲਾਕਾਤ ਕੀਤੀ। ਮੋਦੀ, ਪ੍ਰਿੰਸ ਨਾਲ ਲੰਡਨ ਵਿਚ ਚੱਲ ਰਹੀ ਵਿਗਿਆਨ ਪ੍ਰਦਰਸ਼ਨੀ ਦੇਖਣ ਪਹੁੰਚੇ, ਜਿੱਥੇ ਭਾਰਤ ਦੇ 5,000 ਸਾਲਾਂ ਦੀ ਵਿਗਿਆਨਕ ਪ੍ਰਾਪਤੀਆਂ ਅਤੇ ਖੋਜਾਂ ਨੂੰ ਦਰਸਾਇਆ ਗਿਆ ਹੈ।
ਮੋਦੀ ਨਾਲ ਮੁਲਾਕਾਤ ਕਰ ਕੇ ਬ੍ਰਿਟਿਸ਼ ਪੀ. ਐੱਮ. ਥੈਰੇਸਾ ਮੇਅ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਅਸੀਂ ਭਾਰਤ ਅਤੇ ਬ੍ਰਿਟੇਨ ਦੋਹਾਂ ਦੇਸ਼ਾਂ ਦੇ ਲੋਕਾਂ ਲਈ ਇਕੱਠੇ ਮਿਲ ਕੇ ਕੰਮ ਕਰਾਂਗੇ। ਉੱਥੇ ਹੀ ਮੋਦੀ ਨੇ ਕਿਹਾ ਕਿ ਮੈਂ ਇਸ ਗੱਲ ਤੋਂ ਆਸਵੰਦ ਹਾਂ ਕਿ ਅੱਜ ਦੀ ਮੁਲਾਕਾਤ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਇਕ ਨਵੀਂ ਊਰਜਾ ਆਵੇਗੀ। ਮੋਦੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਬ੍ਰਿਟੇਨ ਕੌਮਾਂਤਰੀ ਸੌਰ ਗਠਜੋੜ ਦਾ ਹਿੱਸਾ ਬਣਨ ਜਾ ਰਿਹਾ ਹੈ। ਮੋਦੀ ਨੇ ਇਹ ਵੀ ਕਿਹਾ ਕਿ ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਭਗਵਾਨ ਬਸਾਵੇਸ਼ਵਰ ਦੀ ਜਯੰਤੀ 'ਤੇ ਮੈਂ ਇੱਥੋਂ ਦੇ ਲੋਕਾਂ ਨੂੰ ਮਿਲਣ ਜਾ ਰਿਹਾ ਹਾਂ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਕਿਹਾ ਕਿ ਯੂਰਪੀ ਸੰਘ ਤੋਂ ਬਾਹਰ ਨਿਕਲਣ ਤੋਂ ਬਾਅਦ ਵੀ ਭਾਰਤ ਲਈ ਉਸ ਦੀ ਅਹਿਮੀਅਤ ਓਨੀ ਹੀ ਰਹੇਗੀ, ਜਿੰਨੀ ਮੌਜੂਦਾ ਸਮੇਂ ਵਿਚ ਹੈ। ਮੋਦੀ ਨੇ ਕਿਹਾ ਕਿ ਸਾਡੇ ਰਵੱਈਏ ਵਿਚ ਕੋਈ ਬਦਲਾਅ ਨਹੀਂ ਹੋਵੇਗਾ।

ਇੱਥੇ ਦੱਸ ਦੇਈਏ ਕਿ ਬ੍ਰਿਟੇਨ ਦੇ ਵਿਦੇਸ਼ ਮੰਤਰੀ ਬੋਰਿਸ ਜੌਨਸਨ ਨੇ ਇੱਥੇ ਹੀਥਰੋ ਹਵਾਈ ਅੱਡੇ 'ਤੇ ਮੋਦੀ ਦਾ ਸਵਾਗਤ ਕੀਤਾ। ਜੌਨਸਨ ਨੇ ਕਿਹਾ ਕਿ ਉਹ ਭਾਰਤ ਅਤੇ ਬ੍ਰਿਟੇਨ ਵਿਚਾਲੇ ਦੋ-ਪੱਖੀ ਵਪਾਰ ਨੂੰ ਲੈ ਕੇ ਉਤਸ਼ਾਹਤ ਹਨ ਅਤੇ ਇਹ ਯਾਤਰਾ ਆਰਥਿਕ ਲਾਭ ਲਈ ਸਹਾਇਕ ਹੋਵੇਗੀ।