ਆਸਿਆਨ ਸੰਮੇਲਨ 'ਚ ਹਿੱਸਾ ਲੈਣ ਲਈ ਮੋਦੀ ਪੁੱਜੇ ਮਨੀਲਾ

11/12/2017 6:02:10 PM

ਮਨੀਲਾ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ 31ਵੇਂ ਆਸਿਆਨ ਸ਼ਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਐਤਵਾਰ ਨੂੰ ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਪਹੁੰਚ ਗਏ ਹਨ। ਆਸਿਆਨ ਦੇ ਗੋਲਡਨ ਜੁਬਲੀ ਸਮਾਰੋਹ ਦੇ ਮੌਕੇ 'ਤੇ ਇਸ ਸਾਲ ਸ਼ਿਖਰ ਸੰਮਲੇਨ ਦੀ ਭਾਰਤ ਲਈ ਖਾਸ ਅਹਿਮੀਅਤ ਹੈ। ਆਸਿਆਨ (ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰੀ ਸੰਘ) ਸ਼ਿਖਰ ਸੰਮੇਲਨ, ਇਸ ਨਾਲ ਸੰਬੰਧਤ ਬੈਠਕਾਂ ਅਤੇ ਗੋਲਡਨ ਜੁਬਲੀ ਸਮਾਰੋਹ ਨਾਲ-ਨਾਲ ਚਲੇਗਾ। ਇਸ ਸਾਲ ਭਾਰਤ-ਆਸਿਆਨ ਗੱਲਬਾਤ ਕਾਇਮ ਹੋਣ ਦੀ 25ਵੀਂ ਵਰ੍ਹੇਗੰਢ ਹੈ। ਸਾਲ 1981 ਤੋਂ ਬਾਅਦ ਫਿਲਪੀਨਜ਼ ਦੇ ਯਾਤਰਾ 'ਤੇ ਜਾਣ ਵਾਲੇ ਮੋਦੀ ਪਹਿਲੇ ਪ੍ਰਧਾਨ ਮੰਤਰੀ ਹਨ।
ਮੋਦੀ ਇਸ ਮੌਕੇ 'ਤੇ ਰਾਸ਼ਟਰਪਤੀ ਦੁਤੇਰਤੇ ਨਾਲ ਦੋ-ਪੱਖੀ ਬੈਠਕ ਕਰਨਗੇ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਦੀ ਵਿਸ਼ਵ ਦੇ ਕਈ ਨੇਤਾਵਾਂ ਨਾਲ ਦੋ-ਪੱਖੀ ਬੈਠਕਾਂ ਵੀ ਹੋਣਗੀਆਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਸ ਸੰਮੇਲਨ ਵਿਚ ਹਿੱਸਾ ਲੈਣਗੇ। ਇਸ ਮੌਕੇ ਟਰੰਪ ਅਤੇ ਮੋਦੀ ਵਿਚਾਲੇ ਦੋ-ਪੱਖੀ ਬੈਠਕ ਹੋਣ ਦੀ ਸੰਭਾਵਨਾ ਹੈ। ਮੋਦੀ ਫਿਲਪੀਨਜ਼ ਵਿਚ ਭਾਰਤੀ ਭਾਈਚਾਰੇ ਨੂੰ ਵੀ ਮਿਲਣਗੇ। ਮੋਦੀ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਉਨ੍ਹਾਂ ਦੀ ਇਸ ਯਾਤਰਾ ਨਾਲ ਫਿਲਪੀਨਜ਼ ਨਾਲ ਭਾਰਤ ਦੇ ਦੋ-ਪੱਖੀ ਰਿਸ਼ਤਿਆਂ ਨੂੰ ਵੀ ਮਜ਼ਬੂਤੀ ਮਿਲੇਗੀ।