ਰਾਸ਼ਟਰਪਤੀ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਮਾਲਦੀਵ ਪਹੁੰਚੇ ਮੋਦੀ

11/17/2018 5:38:27 PM

ਮਾਲੇ— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਲਦੀਵ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਇਬਰਾਹੀਮ ਮੁਹੰਮਦ ਸੋਲਿਹ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਲਈ ਇਥੇ ਪਹੁੰਚ ਗਏ ਹਨ, ਜਿਨ੍ਹਾਂ ਨੇ ਆਪਣੇ ਮਜ਼ਬੂਤ ਵਿਰੋਧੀ ਅਬਦੁੱਲਾ ਯਾਮੀਨ ਨੂੰ ਸਤੰਬਰ ਮਹੀਨੇ ਹਰਾ ਕੇ ਰਾਸ਼ਟਰਪਤੀ ਅਹੁਦੇ 'ਤੇ ਕਬਜ਼ਾ ਕੀਤਾ ਹੈ।

ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 2011 'ਚ ਇੰਡੀਅਨ ਓਸ਼ਨ ਆਈਸਲੈਂਡ ਯਾਤਰਾ ਕੀਤੀ ਸੀ। ਮੋਦੀ ਨੇ ਆਪਣੇ ਦੌਰੇ ਤੋਂ ਪਹਿਲਾਂ ਟਵੀਟ ਕਰਕੇ ਕਿਹਾ ਸੀ ਕਿ ਮੈਂ ਸ਼੍ਰੀ ਮਾਨ ਸੋਲਿਹ ਦੀ ਅਗਵਾਈ ਵਾਲੀ ਨਵੀਂ ਸਰਕਾਰ ਨੂੰ ਮਜ਼ਬੂਤੀ ਨਾਲ ਮਿਲ ਕੇ ਕੰਮ ਕਰਨ ਲਈ ਭਾਰਤ ਸਰਕਾਰ ਦੀ ਇੱਛਾ ਨਾਲ ਰੂਬਰੂ ਕਰਵਾਉਂਗਾ, ਜਿਸ ਨਾਲ ਉਹ ਖਾਸ ਕਰਕੇ ਸਿਹਤ ਦੇਖਭਾਲ, ਸੰਪਰਕ ਤੇ ਮਨੁੱਖੀ ਸੰਸਾਧਨ ਵਿਕਾਸ ਦੇ ਖੇਤਰ 'ਚ ਵਿਕਾਸ ਦੀ ਆਪਣੀ ਤਰਜੀਹ ਨੂੰ ਅੰਜਾਮ ਦੇ ਸਕਣ।


ਉਨ੍ਹਾਂ ਕਿਹਾ ਕਿ ਮਾਲਦੀਵ 'ਚ ਹੋਈਆਂ ਹਾਲ ਦੀਆਂ ਚੋਣਾਂ ਲੋਕਾਂ ਦੀ ਸੁਤੰਤਰ, ਕਾਨੂੰਨ ਦੇ ਸ਼ਾਸਨ ਤੇ ਖੁਸ਼ਹਾਲ ਭਵਿੱਖ ਲਈ ਸਾਂਝੀ ਉਮੀਦ ਨੂੰ ਦਰਸਾਉਂਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਇੱਛਾ ਸਥਾਈ, ਲੋਕਤੰਤਰੀ, ਖੁਸ਼ਹਾਲ ਤੇ ਸ਼ਾਂਤੀਪੂਰਨ ਮਾਲਦੀਵ ਗਣਰਾਜ ਦੇਖਣ ਦੀ ਹੈ। ਮੋਦੀ ਨੇ ਸੋਲਿਹ ਨੂੰ ਹਾਲ ਦੀਆਂ ਚੋਣਾਂ 'ਚ ਜਿੱਤ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਤੇ ਮਾਲਦੀਵ ਵਿਚਾਲੇ ਮਜ਼ਬੂਤ ਸਾਂਝੇਦਾਰੀ ਦੀਆਂ ਜੜਾਂ ਇਤਿਹਾਸ 'ਚ ਹਨ। ਸਾਡੇ ਦੇਸ਼ਾਂ ਦੇ ਲੋਕਾਂ ਵਿਚਾਲੇ ਮਜ਼ਬੂਤ ਸਬੰਧ ਹਨ ਤੇ ਸ਼ਾਂਤੀ ਤੇ ਖੁਸ਼ਹਾਲੀ ਲਈ ਦੋਵਾਂ ਦੀਆਂ ਸਾਂਝੀਆਂ ਇੱਛਾਵਾਂ ਹਨ। ਸਾਡੀ ਸਰਕਾਰ ਦਾ ਸਾਂਝੇ ਵਿਕਾਸ 'ਸਭ ਦਾ ਸਾਥ ਸਭ ਦਾ ਵਿਕਾਸ' ਦਾ ਨਜ਼ਰੀਆ ਸਾਡੇ ਸਾਰੇ ਗੁਆਂਢੀਆਂ ਲਈ ਵੀ ਹੈ। ਮੋਦੀ ਨੇ ਕਿਹਾ ਕਿ ਉਹ ਮਾਲਦੀਵ ਦੀ ਨਵੀਂ ਸਰਕਾਰ ਦੇ ਨਾਲ ਵੱਖ-ਵੱਖ ਖੇਤਰਾਂ 'ਚ ਦੋ-ਪੱਖੀ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਨ ਦੀ ਆਪਣੀ ਇੱਛਾ ਨਾਲ ਸੋਲਿਹ ਨੂੰ ਜਾਣੂ ਕਰਵਾਉਣਗੇ।