ਇੰਗਲੈਂਡ ''ਚ ਪਲਾਸਟਿਕ ਬੈਗਜ਼ ਦੀ ਵਰਤੋਂ 37 ਫੀਸਦੀ ਘਟੀ

10/01/2019 9:35:10 AM

ਲੰਡਨ— ਇੰਗਲੈਂਡ 'ਚ 7 ਵੱਡੇ ਰਿਟੇਲ ਸਟੋਰਾਂ 'ਤੇ ਪਲਾਸਟਿਕ ਦੇ ਬੈਗਜ਼ ਦੀ ਖਪਤ 'ਚ 90 ਫੀਸਦੀ ਦੀ ਕਮੀ ਆਈ ਹੈ। ਦੇਸ਼ 'ਚ ਜੇਕਰ ਸਾਰੇ ਰਿਟੇਲ ਸਟੋਰਾਂ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ 2018-19 'ਚ ਸਿੰਗਲ ਯੂਜ਼ ਪਲਾਸਟਿਕ ਬੈਗ ਦੀ ਖਪਤ 'ਚ ਪਿਛਲੇ ਸਾਲ ਦੀ ਤੁਲਨਾ 'ਚ 37 ਫੀਸਦੀ ਕਮੀ ਆਈ ਹੈ। 2015 'ਚ ਇਨ੍ਹਾਂ ਸੱਤ ਸਟੋਰਾਂ ਨੇ ਇਨ੍ਹਾਂ ਪਲਾਸਟਿਕ ਬੈਗਜ਼ ਲਈ ਪੰਜ ਪੇਂਸ ਕੀਮਤ ਰੱਖੀ ਸੀ, ਜਿਸ ਕਾਰਨ ਲੋਕਾਂ ਨੇ ਖਰੀਦਣੇ ਘੱਟ ਕਰ ਦਿੱਤੇ। ਇੰਨਾ ਹੀ ਨਹੀਂ ਇਸ ਟੈਕਸ ਨਾਲ ਹੁਣ ਤਕ ਤਕਰੀਬਨ 1464 ਕਰੋੜ ਰੁਪਏ (207 ਮਿਲੀਅਨ ਡਾਲਰ) ਚੈਰਿਟੀ ਲਈ ਵੀ ਮਿਲੇ ਹਨ। ਸਿਰਫ ਪਿਛਲੇ ਇਕ ਸਾਲ 'ਚ ਹੀ ਐਸਡਾ, ਮਾਰਕਸ-ਐਂਡ ਸਪੈਂਸਰ, ਮਾਰੀਸੰਸ, ਸੈਂਸਬਰੀ, ਦਿ ਕੋਓਪਰੇਟਿਵ ਗਰੁੱਪ, ਟੈਸਕੋ ਅਤੇ ਵੈਟਰੋਜ ਨੇ ਪਹਿਲੇ ਸਾਲ ਦੇ ਮੁਕਾਬਲੇ 4900 ਕਰੋੜ ਘੱਟ ਪਲਾਸਟਿਕ ਦੇ ਬੈਗਜ਼ ਵੇਚੇ। ਜੋ ਬੈਗ ਵੇਚੇ ਗਏ ਉਨ੍ਹਾਂ ਨਾਲ ਇਸ ਸਾਲ 19 ਕਰੋੜ ਰੁਪਏ ਚੈਰਿਟੀ ਲਈ ਮਿਲੇ।

 

2014 'ਚ ਇਨ੍ਹਾਂ ਮੁੱਖ ਸੁਪਰ ਮਾਰਕਿਟਾਂ 'ਚ ਪ੍ਰਤੀ ਵਿਅਕਤੀ ਹਰ ਸਾਲ ਪਲਾਸਟਿਕ ਬੈਗ ਦੀ ਖਪਤ 140 ਸੀ ਜੋ ਹੁਣ ਘੱਟ ਸਿਰਫ 10 ਰਹਿ ਗਈ ਹੈ। ਵਾਤਾਵਰਣ ਸਕੱਤਰ ਥੈਰੇਸਾ ਵਿਲੀਅਰਜ਼ ਨੇ ਨਵੇਂ ਅੰਕੜਿਆਂ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪਲਾਸਟਿਕ ਵੇਸਟ ਨੂੰ ਘੱਟ ਕਰਨ ਲਈ ਸਾਡੀਆਂ ਕੋਸ਼ਿਸ਼ਾਂ ਲਗਾਤਾਰ ਰੰਗ ਲਿਆ ਰਹੀਆਂ ਹਨ। ਥੋੜਾ ਜਿਹਾ ਚਾਰਜ ਲਗਾਉਣ ਨਾਲ ਪਲਾਸਟਿਕ ਬੈਗ ਦੀ ਖਪਤ 'ਚ 90 ਫੀਸਦੀ ਕਮੀ ਆਉਣਾ ਉਤਸਾਹਜਨਕ ਹੈ। ਉਨ੍ਹਾਂ ਨੇ ਕਿਹਾ ਕਿ ਪਲਾਸਟਿਕ ਨਾਲ ਸਾਡੇ ਵਾਤਾਵਰਣ ਅਤੇ ਵਾਈਲਡਲਾਈਫ ਨੂੰ ਹੋ ਰਹੇ ਨੁਕਸਾਨ ਤੋਂ ਹਰ ਕੋਈ ਪ੍ਰੇਸ਼ਾਨ ਹੈ। ਇਨ੍ਹਾਂ ਅੰਕੜਿਆਂ ਨਾਲ ਸਿੱਧ ਹੈ ਕਿ ਹੁਣ ਅਸੀਂ ਸਮੂਹਿਕ ਤੌਰ 'ਤੇ ਇਸ ਤੋਂ ਬਚਣ ਲਈ ਕਦਮ ਵਧਾ ਰਹੇ ਹਾਂ। ਬ੍ਰਿਟੇਨ ਸਰਕਾਰ ਨੇ ਇਸ ਦੇ ਇਲਾਵਾ ਵੀ ਪਲਾਸਟਿਕ ਵੇਸਟ ਨੂੰ ਘੱਟ ਕਰਨ ਲਈ ਕਈ ਕਦਮ ਚੁੱਕੇ ਹਨ। ਪਿਛਲੇ ਸਾਲ ਜਨਵਰੀ 'ਚ ਸਰਕਾਰ ਨੇ ਕਾਸਮੈਟਿਕ ਅਤੇ ਟੁੱਥਪੇਸਟ 'ਚ ਵਰਤੇ ਜਾਣ ਵਾਲੇ ਪਲਾਸਟਿਕ ਦੇ ਮਾਈਕ੍ਰੋਬੇਡਸ 'ਤੇ ਰੋਕ ਲਗਾ ਦਿੱਤੀ ਸੀ। ਇਸ ਦੇ ਇਲਾਵਾ ਹਾਲ ਹੀ 'ਚ ਪਲਾਸਟਿਕ ਦੀਆਂ ਸਟ੍ਰਾ ਅਤੇ ਕਾਟਨ ਬਡ ਸਮੇਤ ਕਈ ਚੀਜ਼ਾਂ 'ਤੇ ਰੋਕ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਰੋਕ ਅਗਲੇ ਸਾਲ ਅਪ੍ਰੈਲ ਤੋਂ ਪੂਰੀ ਤਰ੍ਹਾਂ ਲਾਗੂ ਹੋ ਜਾਵੇਗੀ।


Related News