ਹੌਟ ਏਅਰ ਬੈਲੂਨ ਨਾਲ ਟਕਰਾਉਣ ਤੋਂ ਵਾਲ-ਵਾਲ ਬਚਿਆ ਜਹਾਜ਼, 300 ਯਾਤਰੀ ਸਨ ਸਵਾਰ

07/07/2022 10:03:54 AM

ਸਾਓ ਪਾਓਲੋ (ਬਿਊਰੋ): ਦੁਨੀਆ ਭਰ ਵਿੱਚ ਹਵਾਈ ਜਹਾਜ਼ ਨੂੰ ਯਾਤਰਾ ਦਾ ਸਭ ਤੋਂ ਤੇਜ਼ ਅਤੇ ਸੁਰੱਖਿਅਤ ਢੰਗ ਮੰਨਿਆ ਜਾਂਦਾ ਹੈ। ਇਸ ਦੇ ਬਾਵਜੂਦ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ, ਜਿਨ੍ਹਾਂ ਦੀ ਕੋਈ ਕਲਪਨਾ ਵੀ ਨਹੀਂ ਕਰਦਾ। ਕਈ ਵਾਰ ਤਕਨੀਕੀ ਨੁਕਸ, ਕੁਦਰਤੀ ਆਫ਼ਤ ਜਾਂ ਮਨੁੱਖੀ ਗ਼ਲਤੀ ਨੂੰ ਇਨ੍ਹਾਂ ਹਾਦਸਿਆਂ ਦਾ ਕਾਰਨ ਦੱਸਿਆ ਜਾਂਦਾ ਹੈ। ਹਾਲ ਹੀ ਵਿੱਚ ਬ੍ਰਾਜ਼ੀਲ ਵਿੱਚ ਇੱਕ ਜਹਾਜ਼ ਲੈਂਡਿੰਗ ਤੋਂ ਠੀਕ ਪਹਿਲਾਂ ਆਪਣੇ ਰਸਤੇ ਵਿੱਚ ਇੱਕ ਹੌਟ ਏਅਰ ਬੈਲੂਨ ਨਾਲ ਟਕਰਾਉਣ ਤੋਂ ਬਚ ਗਿਆ। ਘਟਨਾ ਦੇ ਸਮੇਂ ਜਹਾਜ਼ 'ਚ 300 ਯਾਤਰੀ ਸਵਾਰ ਸਨ। ਕਈ ਯਾਤਰੀਆਂ ਨੇ ਜਹਾਜ਼ ਦੇ ਵਿੰਗ ਨੇੜੇ ਤੋਂ ਲੰਘਦੇ ਹੌਟ ਏਅਰ ਬੈਲੂਨ ਦੀਆਂ ਤਸਵੀਰਾਂ ਵੀ ਲਈਆਂ।

ਜਹਾਜ਼ ਦੇ ਰਸਤੇ 'ਚ ਆਇਆ ਬੈਲੂਨ

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਬ੍ਰਾਜ਼ੀਲ ਦੇ ਸਾਓ ਪਾਓਲੋ ਸਥਿਤ ਗੁਆਰੁਲਹੋਸ ਏਅਰਪੋਰਟ ਦੀ ਹੈ। ਜਿਵੇਂ ਹੀ ਜਹਾਜ਼ ਲੈਂਡਿੰਗ ਲਈ ਰਨਵੇਅ ਵੱਲ ਵਧਿਆ ਤਾਂ ਅਚਾਨਕ ਇੱਕ ਹੌਟ ਏਅਰ ਬੈਲੂਨ ਉਸ ਦੇ ਰਾਹ ਵਿੱਚ ਆ ਗਿਆ। ਹਵਾ ਦੇ ਤੇਜ਼ ਝੱਖੜ ਕਾਰਨ ਇਹ ਗੁਬਾਰਾ ਆਪਣੇ ਨਿਰਧਾਰਤ ਰਸਤੇ ਤੋਂ ਭਟਕ ਕੇ ਜਹਾਜ਼ ਦੇ ਬਿਲਕੁਲ ਸਾਹਮਣੇ ਆ ਗਿਆ। ਜਿਵੇਂ ਹੀ ਪਾਇਲਟ ਨੇ ਗੁਬਾਰੇ ਨੂੰ ਦੇਖਿਆ, ਉਸ ਨੇ ਆਪਣਾ ਰਸਤਾ ਬਦਲ ਲਿਆ। ਇਸ ਦੌਰਾਨ ਜਹਾਜ਼ ਦੇ ਪੱਖੇ ਅਤੇ ਗੁਬਾਰੇ ਵਿਚਕਾਰ ਬਹੁਤ ਘੱਟ ਦੂਰੀ ਸੀ। ਜੇਕਰ ਜਹਾਜ਼ ਦਾ ਪੱਖਾ ਗੁਬਾਰੇ ਨਾਲ ਟਕਰਾ ਜਾਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ।

ਪੜ੍ਹੋ ਇਹ ਅਹਿਮ ਖ਼ਬਰ- ਤਾਲਿਬਾਨ ਦਾ ਨਵਾਂ ਕਾਰਨਾਮਾ, ਆਪਣੇ ਸੰਸਥਾਪਕ ਮੁੱਲਾ ਉਮਰ ਦੀ 'ਕਾਰ' ਖੋਦਾਈ ਕਰ ਕੇ ਕੱਢੀ ਬਾਹਰ

ਵਾਲ-ਵਾਲ ਬਚਿਆ ਜਹਾਜ਼

ਸਥਾਨਕ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਹਾਜ਼ 'ਚ ਸਵਾਰ ਇਕ ਯਾਤਰੀ ਨੇ ਕਿਹਾ ਕਿ ਉਸ ਨੇ ਲੈਂਡਿੰਗ ਦੀ ਘੋਸ਼ਣਾ ਤੋਂ ਬਾਅਦ ਜਹਾਜ਼ ਨੂੰ ਅਚਾਨਕ ਤੇਜ਼ ਮੋੜ ਲੈਂਦੇ ਮਹਿਸੂਸ ਕੀਤਾ। ਇਸ ਝਟਕੇ ਕਾਰਨ ਜਹਾਜ਼ 'ਚ ਸਵਾਰ ਯਾਤਰੀ ਡਰ ਗਏ। ਫਿਰ ਉਸ ਨੇ ਪੱਖੇ ਦੇ ਕੋਲ ਇੱਕ ਹੌਟ ਬੈਲੂਨ ਦੇਖਿਆ। ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਜਹਾਜ਼ ਦੀ ਦਿਸ਼ਾ ਬਦਲਣ ਦੇ ਪਿੱਛੇ ਇਹ ਗੁਬਾਰਾ ਸੀ। ਬ੍ਰਾਜ਼ੀਲ ਐਵੀਏਸ਼ਨ ਅਥਾਰਟੀ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਹੌਟ ਏਅਰ ਬੈਲੂਨ ਬਿਨਾਂ ਪਾਇਲਟ ਦੇ ਉੱਡ ਰਿਹਾ ਸੀ।

ਇਹ ਮੰਨਿਆ ਜਾਂਦਾ ਹੈ ਕਿ ਹੌਟ ਏਅਰ ਬੈਲੂਨ ਦੀ ਵਰਤੋਂ ਸਥਾਨਕ ਤਿਉਹਾਰ ਦੇ ਹਿੱਸੇ ਵਜੋਂ ਕੀਤੀ ਗਈ ਸੀ। ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ 3 ਜੁਲਾਈ ਨੂੰ ਵਾਪਰੀ ਜਦੋਂ ਜਹਾਜ਼ ਸਾਓ ਪਾਓਲੋ ਹਵਾਈ ਅੱਡੇ 'ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਬੁਲਾਰੇ ਨੇ ਦੱਸਿਆ ਕਿ ਇਸ ਦੌਰਾਨ ਇਕ ਮਾਨਵ ਰਹਿਤ ਗੁਬਾਰਾ ਜਹਾਜ਼ ਦੇ ਰਸਤੇ 'ਚ ਆ ਗਿਆ, ਹਾਲਾਂਕਿ ਜਹਾਜ਼ ਸਧਾਰਨ ਤੌਰ 'ਤੇ ਉਤਰਿਆ ਅਤੇ ਸੁਰੱਖਿਆ ਹਾਸ਼ੀਏ ਨੂੰ ਹਰ ਸਮੇਂ ਬਰਕਰਾਰ ਰੱਖਿਆ ਗਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana