ਅਮਰੀਕਾ : ਪਿੰਨੀ ਪੁਆਇੰਟ ਦੀ ਸਾਫ-ਸਫਾਈ ਲਈ 3 ਮਿਲੀਅਨ ਡਾਲਰ ਦਾ ਬਜਟ ਤਿਆਰ

04/09/2021 12:11:08 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਫਲੋਰਿਡਾ ਸਥਿਤ ਪਿੰਨੀ ਪੁਆਇੰਟ, ਜੋ ਇਕ ਫਾਸਫੇਟ ਮਾਈਨਿੰਗ ਸਹੂਲਤ ਹੈ ਅਤੇ ਟੈਂਪਾ ਬੇਅ ਖੇਤਰ ’ਚ ਸੰਭਾਵਿਤ ਤੌਰ ’ਤੇ ਜ਼ਹਿਰੀਲੇ ਪਾਣੀ ਦੀ ਲੀਕੇਜ ਕਰ ਰਹੀ ਹੈ, ਜਲਦ ਹੀ ਸਾਫ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਸਥਾਈ ਤੌਰ ’ਤੇ ਬੰਦ ਹੋਣ ਵੱਲ ਜਾ ਰਹੀ ਹੈ। ਬੁੱਧਵਾਰ ਨੂੰ ਫਲੋਰਿਡਾ ਸੂਬੇ ਦੇ ਸੈਨੇਟਰਾਂ ਨੇ ਇੱਕ ਸੋਧ ਪਾਸ ਕੀਤੀ ਹੈ, ਜਿਸ ’ਚ ਗੰਦੇ ਪਾਣੀ ਦੀ ਸਫਾਈ ਅਤੇ ਸੁਰੱਖਿਅਤ ਢੰਗ ਨਾਲ ਨਿਪਟਾਰੇ ਲਈ 3 ਮਿਲੀਅਨ ਡਾਲਰ ਦੀ ਵੰਡ ਕੀਤੀ ਜਾਵੇਗੀ । ਇਹ ਸਹੂਲਤ ਦਹਾਕਿਆਂ ਤੋਂ ਸਥਾਨਕ ਲੋਕਾਂ ਤੇ ਵਾਤਾਵਰਣ ਪ੍ਰੇਮੀਆਂ ’ਚ ਚਿੰਤਾ ਅਤੇ ਨਿਰਾਸ਼ਾ ਦਾ ਕਾਰਨ ਬਣੀ ਹੋਈ ਹੈ।

ਸੈਨੇਟਰ ਜਿਮ ਬੋਇਡ ਵੱਲੋਂ ਪੇਸ਼ ਕੀਤੀ ਗਈ ਸੋਧ ਪਿੰਨੀ ਪੁਆਇੰਟ ਦੇ ਐਮਰਜੈਂਸੀ ਵਾਟਰ ਟ੍ਰੀਟਮੈਂਟ ਪ੍ਰੋਜੈਕਟ ਨੂੰ ਆਉਣ ਵਾਲੇ ਵਿੱਤੀ ਬਜਟ ’ਚੋਂ 3 ਮਿਲੀਅਨ ਡਾਲਰ ਗੰਦੇ ਪਾਣੀ ਦੀ ਸਹੀ ਢੰਗ ਨਾਲ ਨਿਕਾਸੀ ਅਤੇ ਸਾਈਟ ਦੀ ਸਫਾਈ ਕਰਨ ਲਈ ਅਲਾਟ ਕਰਦੀ ਹੈ। ਇਹ ਸੋਧ ਜਨਰਲ ਐਕਟ ਦਾ ਹਿੱਸਾ ਹੈ, ਜੋ ਅਗਲੇ ਵਿੱਤੀ ਵਰ੍ਹੇ ਲਈ ਸੂਬੇ ਦਾ ਬਜਟ ਨਿਰਧਾਰਤ ਕਰਦੀ ਹੈ। ਸੂਬੇ ਦੀ ਸੈਨੇਟ ਇਸ ਮਹੀਨੇ ਦੇ ਅਖੀਰ ’ਚ ਬਜਟ ਨੂੰ ਅੰਤਿਮ ਰੂਪ ਦੇਣ ਲਈ ਤਿਆਰ ਹੈ। ਇਸ ਵਾਟਰ ਟ੍ਰੀਟਮੈਂਟ ਸੋਧ ਸਬੰਧੀ ਸੈਨੇਟਰ ਡੈਰੀਅਲ ਰੂਸਨ ਨੇ ਬੁੱਧਵਾਰ ਸੈਨੇਟਰਾਂ ਨੂੰ ਦੱਸਿਆ ਕਿ ਪਿੰਨੀ ਪੁਆਇੰਟ ਤੋਂ ਲੀਕ ਹੋਣ ਵਾਲੇ ਪਾਣੀ ਦੇ ਵਾਤਾਵਰਣ ਉੱਤੇ ਗੰਭੀਰ ਪ੍ਰਭਾਵ ਪੈ ਸਕਦੇ ਹਨ। ਅਧਿਕਾਰੀਆਂ ਅਨੁਸਾਰ ਬੁੱਧਵਾਰ ਤੱਕ ਤਕਰੀਬਨ 258 ਮਿਲੀਅਨ ਗੈਲਨ ਪਾਣੀ ਦੱਖਣ ਦੇ ਗੰਦੇ ਪਾਣੀ ਦੇ ਤਲਾਬ ’ਚ ਰਿਹਾ ਹੈ, ਜੋ ਲੀਕ ਹੋ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਪ੍ਰਤੀ ਦਿਨ 38 ਮਿਲੀਅਨ ਗੈਲਨ ਕੱਢ ਰਹੇ ਹਨ ਅਤੇ 173 ਮਿਲੀਅਨ ਗੈਲਨ ਪੋਰਟ ਮਾਨਾਟੀ ’ਚ ਛੱਡ ਦਿੱਤੇ ਗਏ ਹਨ। ਪਾਣੀ ਦੇ ਨਮੂਨਿਆਂ ਨੇ ਦਿਖਾਇਆ ਹੈ ਕਿ ਪੋਰਟ ਮਾਨਾਟੀ ’ਚ ਡਿਸਚਾਰਜ ਪੁਆਇੰਟ ਦੇ ਆਲੇ-ਦੁਆਲੇ ਦੇ ਖੇਤਰਾਂ ’ਚ ਫਾਸਫੋਰਸ ਦਾ ਉੱਚ ਪੱਧਰ ਹੈ।

Anuradha

This news is Content Editor Anuradha