ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਯੂ. ਕੇ. ਵੱਲੋਂ ਐੱਨ.ਐੱਚ.ਐੱਸ. ਨੂੰ 25,000 ਪੌਂਡ ਦਾਨ ਰਾਸ਼ੀ ਭੇਂਟ

06/05/2020 2:03:36 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਕੱਲ ਮਾਨਵਤਾ ਦੇ ਦਰਦੀ ਭਗਤ ਪੂਰਨ ਸਿੰਘ ਜੀ ਦਾ ਜਨਮ ਦਿਨ ਸੀ। ਇਸ ਦਿਹਾੜੇ ਨੂੰ ਸਮਰਪਿਤ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਯੂ. ਕੇ. ਵੱਲੋਂ ਇੱਕ ਚੈਰਿਟੀ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ, ਜਿਸ ਤਹਿਤ ਬਰਤਾਨਵੀ ਰਾਸ਼ਟਰੀ ਸਿਹਤ ਸੇਵਾਵਾਂ ਲਈ 25000 ਪੌਂਡ ਦਾਨ ਰਾਸ਼ੀ ਇਕੱਠੀ ਕੀਤੀ ਜਾਣੀ ਸੀ। ਸੰਸਥਾ ਦੇ ਪ੍ਰਧਾਨ ਜਗਰਾਜ ਸਿੰਘ ਸਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਸਮੂਹ ਵਲੰਟੀਅਰ ਸਾਥੀਆਂ ਤੇ ਸੰਗਤਾਂ ਵੱਲੋਂ ਆਪੋ-ਆਪਣੇ ਪੱਧਰ 'ਤੇ ਦੌੜ ਕੇ ਜਾਂ ਤੁਰ ਕੇ ਇਸ ਮੁਹਿੰਮ ਦਾ ਹਿੱਸਾ ਬਣਿਆ ਗਿਆ ਤੇ ਇਸ ਮੁਹਿੰਮ ਲਈ ਦਾਨ ਰਾਸ਼ੀ ਵੀ ਇਕੱਤਰ ਕੀਤੀ ਜਾਂਦੀ ਰਹੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਅਸੀਂ ਮਹਿਜ ਕੁਝ ਦਿਨਾਂ ਵਿੱਚ ਹੀ ਆਪਣੇ 25,000 ਪੌਂਡ ਦੇ ਟੀਚੇ ਨੂੰ ਸਰ ਕਰ ਲਿਆ। 

PunjabKesari

ਪ੍ਰਧਾਨ ਜਗਰਾਜ ਸਿੰਘ ਸਰਾਂ ਨੇ ਈਲਿੰਗ ਹਸਪਤਾਲ ਜਾ ਕੇ ਸਟਾਫ ਦੇ ਨੁਮਾਇੰਦਿਆਂ ਪ੍ਰੋ. ਜਸਪਾਲ ਸਿੰਘ ਕੂਨਰ, ਹਰਮਨਦੀਪ ਸਿੰਘ, ਲੀਜਾ ਨਾਇਟ, ਜੋ ਪਾਲ, ਸਟੀਵ ਵਾਟਕਿਨਜ ਨੂੰ 25,000 ਪੌਂਡ ਦਾ ਚੈੱਕ ਸਪੁਰਦ ਕੀਤਾ। ਪ੍ਰੋ. ਜਸਪਾਲ ਸਿੰਘ ਕੂਨਰ ਤੇ ਲੀਜਾ ਨਾਇਟ ਨੇ ਪਿੰਗਲਵਾੜਾ ਚੈਰੀਟੇਬਲ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਕਤ ਰਾਸ਼ੀ ਨਾਲ ਈਕੋ ਕਾਰਡੀਓਗਰਾਮ ਮਸ਼ੀਨ ਖਰੀਦੀ ਜਾਵੇਗੀ, ਜਿਸ ਦੀ ਵਰਤੋਂ ਕੋਰੋਨਾ ਤੋਂ ਪੀੜਤ ਹੋ ਕੇ ਤੰਦਰੁਸਤ ਹੋਏ ਲੋਕਾਂ ਦੇ ਦਿਲਾਂ ਦੀ ਸਕੈਨਿੰਗ ਲਈ ਵਰਤੋਂ ਵਿੱਚ ਲਿਆਂਦੀ ਜਾਵੇਗੀ। ਇਸ ਮਸ਼ੀਨ ਨੂੰ ਈਲਿੰਗ, ਹੇਜ, ਹੰਸਲੋ, ਬਰੈਂਟ ਤੇ ਹੈਰੋਅ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਸੇਵਾਵਾਂ ਦੇਣ ਲਈ ਵਰਤਿਆ ਜਾਵੇਗਾ।

ਇਸ ਸਮੇਂ ਜਗਰਾਜ ਸਿੰਘ ਸਰਾਂ ਨਾਲ ਸੁਸਾਇਟੀ ਦੇ ਟਰੱਸਟੀ ਸੁਖਦੇਵ ਸਿੰਘ ਸੰਧਾਵਾਲੀਆ, ਮੀਤ ਪ੍ਰਧਾਨ ਜੋਰਾਵਰ ਸਿੰਘ ਰਾਏ, ਮਨਜੀਤ ਸਿੰਘ, ਅਜੀਤ ਸਿੰਘ, ਗੁਰਮੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਚੈਰਿਟੀ ਵਾਕ ਵਿੱਚ ਹਿੱਸਾ ਲੈ ਕੇ ਦਾਨ ਰਾਸ਼ੀ ਇਕੱਠੀ ਕਰਨ ਵਾਲਿਆਂ ਵਿੱਚੋਂ ਸੈਮ ਭੱਲਾ, ਕੁਲਵੰਤ ਸਿੰਘ ਗਰਚਾ, ਹਰਪ੍ਰੀਤ ਸਿੰਘ ਸੰਘਾ, ਮਨਜੀਤ ਸਿੰਘ ਰਾਏ ਵੀ ਉਚੇਚੇ ਤੌਰ 'ਤੇ ਪਹੁੰਚੇ। ਜਗਰਾਜ ਸਿੰਘ ਸਰਾਂ ਨੇ ਹਸਪਤਾਲ ਸਟਾਫ ਨੂੰ ਯਕੀਨ ਦੁਆਇਆ ਕਿ ਇਸ ਮੁਹਿੰਮ ਦੌਰਾਨ ਆਉਣ ਵਾਲੀ ਵਾਧੂ ਰਾਸ਼ੀ ਵੀ ਜਲਦੀ ਹੀ ਸਪੁਰਦ ਕੀਤੀ ਜਾਵੇਗੀ ਤਾਂ ਕਿ ਸੰਗਤਾਂ ਵੱਲੋਂ ਮਾਨਵਤਾ ਦੇ ਭਲੇ ਲਈ ਦਿੱਤੇ ਦਸਵੰਧ ਨੂੰ ਲੇਖੇ ਲਾਇਆ ਜਾ ਸਕੇ।


Lalita Mam

Content Editor

Related News