ਕੁਈਨਜ਼ਲੈਂਡ 'ਚ ਛੋਟਾ ਜ਼ਹਾਜ਼ ਹੋਇਆ ਹਾਦਸਾਗ੍ਰਸਤ, ਪਾਇਲਟ ਦੀ ਮੌਤ

03/29/2018 3:25:19 PM

ਕੁਈਨਜ਼ਲੈਂਡ— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਪਾਇਲਟ ਦੀ ਮੌਕੇ 'ਤੇ ਮੌਤ ਹੋ ਗਈ। ਇਹ ਜਹਾਜ਼ ਬੁੱਧਵਾਰ ਦੀ ਸ਼ਾਮ ਨੂੰ ਹਾਦਸੇ ਦਾ ਸ਼ਿਕਾਰ ਹੋਇਆ। ਐਮਰਜੈਂਸੀ ਕਰੂ ਅਧਿਕਾਰੀਆਂ ਨੂੰ ਬੁੱਧਵਾਰ ਸ਼ਾਮ 5.00 ਵਜੇ ਦੇ ਕਰੀਬ ਹਾਦਸੇ ਦੀ ਸੂਚਨਾ ਮਿਲੀ। 


ਅਧਿਕਾਰੀਆਂ ਮੁਤਾਬਕ ਜਹਾਜ਼ ਆਸਟ੍ਰੇਲੀਆ ਦੇ ਓਲਡ ਲੇਡਲੀ ਨੇੜੇ ਫੋਰਰੈਸਟ ਰੋਡ 'ਤੇ ਹਾਦਸੇ ਦਾ ਸ਼ਿਕਾਰ ਹੋਇਆ। ਚਸ਼ਮਦੀਦ ਗਵਾਹਾਂ ਨੇ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਐਮਰਜੈਂਸੀ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਪਰ ਜਦੋਂ ਤੱਕ ਉਹ ਪੁੱਜੇ, ਉਦੋਂ ਤੱਕ ਪਾਇਲਟ ਦੀ ਮੌਤ ਹੋ ਚੁੱਕੀ ਸੀ। ਮੌਕੇ 'ਤੇ ਪੁੱਜੇ ਪੈਰਾ-ਮੈਡੀਕਲ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜਹਾਜ਼ 'ਚ ਸਵਾਰ 84 ਸਾਲਾ ਪਾਇਲਟ ਦੀ ਮੌਤ ਹੋ ਗਈ। 


ਜਹਾਜ਼ 'ਚ ਪਾਇਲਟ ਇਕੱਲਾ ਸੀ ਅਤੇ ਇਸ ਜਹਾਜ਼ ਹਾਦਸੇ ਕਾਰਨ ਕੋਈ ਹੋਰ ਜ਼ਖਮੀ ਨਹੀਂ ਹੋਇਆ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ। ਓਧਰ ਪੁਲਸ ਦਾ ਮੰਨਣਾ ਹੈ ਕਿ ਜਹਾਜ਼ ਅਚਾਨਕ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਇੰਜਣ ਦੇ ਫੇਲ ਹੋਣ ਦੇ ਸੰਕੇਤ ਨਹੀਂ ਮਿਲੇ ਹਨ। ਪੀੜਤ ਦਾ ਪਰਿਵਾਰ ਕੋਮੇਰਾ 'ਚ ਰਹਿੰਦਾ ਹੈ, ਉਨ੍ਹਾਂ ਨੂੰ ਇਸ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।