ਫਿਲੀਪੀਨ ''ਚ ਜਹਾਜ਼ ਰਨਵੇਅ ਤੋਂ ਨਿਕਲਿਆ ਬਾਹਰ, ਵਾਲ-ਵਾਲ ਬਚੇ ਯਾਤਰੀ

08/17/2018 11:57:40 AM

ਮਨੀਲਾ (ਭਾਸ਼ਾ)— ਚੀਨ ਦੀ ਜਿਆਮੈਨ ਏਅਰਲਾਈਨਜ਼ ਦਾ ਇਕ ਜਹਾਜ਼ ਵੀਰਵਾਰ ਰਾਤ ਫਿਲੀਪੀਨ ਦੀ ਰਾਜਧਾਨੀ ਮਨੀਲਾ ਵਿਚ ਹਵਾਈ ਅੱਡੇ 'ਤੇ ਉੱਤਰਦੇ ਸਮੇਂ ਰਨਵੇਅ ਤੋਂ ਬਾਹਰ ਨਿਕਲ ਗਿਆ। ਇਸ ਹਾਦਸੇ ਵਿਚ ਕੋਈ ਜ਼ਖਮੀ ਨਹੀਂ ਹੋਇਆ ਹੈ। ਮਨੀਲਾ ਅੰਤਰਰਾਸ਼ਟਰੀ ਹਵਾਈ ਅੱਡਾ ਅਥਾਰਿਟੀ ਦੇ ਅਧਿਕਾਰੀ ਕੋਨੀ ਬੁਨਗਾਗ ਨੇ ਕਿਹਾ,''ਭਾਰੀ ਮੀਂਹ ਦੌਰਾਨ ਜਿਆਮੈਨ ਏਅਰ ਦਾ ਬੋਇੰਗ 737-800 ਜਹਾਜ਼ ਹਵਾਈ ਅੱਡੇ 'ਤੇ ਉੱਤਰਣ ਮਗਰੋਂ ਰਨਵੇਅ ਤੋਂ ਬਾਹਰ ਨਿਕਲ ਗਿਆ। ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।'' ਜਿਆਮੈਨ ਏਅਰਲਾਈਨਜ਼ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਹਾਜ਼ ਵਿਚ ਸਵਾਰ ਸਾਰੇ 157 ਯਾਤਰੀ ਅਤੇ ਚਾਲਕ ਦਲ ਦੇ 8 ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਯਾਤਰੀਆਂ ਨੂੰ ਹਵਾਈ ਅੱਡੇ ਦੇ ਟਰਮੀਨਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਕੰਬਲ ਅਤੇ ਭੋਜਨ ਦਿੱਤਾ ਗਿਆ। ਬਾਅਦ ਵਿਚ ਉਨ੍ਹਾਂ ਨੂੰ ਇਕ ਹੋਟਲ ਵਿਚ ਸ਼ਿਫਟ ਕਰ ਦਿੱਤਾ ਗਿਆ।