ਫਿਲੀਪੀਨ ਪਹੁੰਚਿਆ ਤੂਫਾਨ ''ਯੁਤੁ'', ਐਮਰਜੈਂਸੀ ਲਾਗੂ

10/30/2018 5:48:25 PM

ਮਨੀਲਾ (ਭਾਸ਼ਾ)— ਫਿਲੀਪੀਨ ਵਿਚ ਮੰਗਲਵਾਰ ਨੂੰ ਤੂਫਾਨ 'ਯੁਤੁ' ਨੇ ਦਸਤਕ ਦਿੱਤੀ। ਇਸ ਦੇ ਨਾਲ ਹੀ ਉੱਥੇ ਤੇਜ਼ ਹਵਾਵਾਂ ਚੱਲਣ ਕਾਰਨ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਰੁੱਖ ਟੁੱਟ ਕੇ ਡਿੱਗ ਗਏ। ਇਸ ਸ਼ਕਤੀਸ਼ਾਲੀ ਤੂਫਾਨ ਦੇ ਆਉਣ ਤੋਂ ਪਹਿਲਾਂ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਸਥਾਨ 'ਤੇ ਭੇਜ ਦਿੱਤਾ ਗਿਆ। ਬੀਤੇ ਮਹੀਨੇ ਮੰਗਖੂਟ ਤੂਫਾਨ ਦੇ ਤਬਾਹੀ ਮਚਾਉਣ ਦੇ ਬਾਅਦ ਹੁਣ ਨਵੇਂ ਤੂਫਾਨ ਨੇ ਫਿਲੀਪੀਨ ਦੇ ਸਭ ਤੋਂ ਵੱਧ ਆਬਾਦੀ ਵਾਲੇ ਟਾਪੂ 'ਤੇ ਦਸਤਕ ਦਿੱਤੀ ਹੈ, ਜਿਸ ਕਾਰਨ ਖੇਤਰ ਵਿਚ ਭਾਰੀ ਮੀਂਹ ਪਿਆ। 

ਮੰਗਖੂਟ ਤੂਫਾਨ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਸੀ। ਖੋਜੀ ਦਲਾਂ ਨੇ ਯੁਤੁ ਨਾਲ ਹੋਈ ਤਬਾਹੀ ਦਾ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ ਹੈ। ਤੂਫਾਨ ਨੇ ਮੰਗਲਵਾਰ ਸਵੇਰੇ ਦਸਤਕ ਦਿੱਤੀ ਅਤੇ ਇਸ ਕਾਰਨ 150 ਕਿਲੋਮੀਟਰ (95 ਮੀਲ) ਪ੍ਰਤੀ ਘੰਟੇ ਦੀ ਗਤੀ ਨਾਲ ਤੇਜ਼ ਹਵਾਵਾਂ ਚੱਲੀਆਂ ਜੋ ਕਈ ਵਾਰ 201 ਕਿਲੋਮੀਟਰ ਪ੍ਰਤੀ ਘੰਟੇ ਵਾਲੇ ਭਿਆਨਕ ਤੂਫਾਨ ਵਿਚ ਤਬਦੀਲ ਹੋ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਕਾਰਨ ਕਿਸ਼ਤੀ ਡੁੱਬਣ ਦੀ ਘਟਨਾ ਵਿਚ ਇਕ ਵਿਅਕਤੀ ਦੇ ਲਾਪਤਾ ਹੋਣ ਦੀ ਖਬਰ ਦੀ ਜਾਂਚ ਕੀਤੀ ਜਾ ਰਹੀ ਹੈ। ਨੁਏਵਾ ਵਿਜਕਾਇਆ ਸੂਬੇ ਤੋਂ ਇੰਟਰਨੈਸ਼ਨਲ ਫੈਡਰੇਸ਼ਨ ਆਫ ਦੀ ਰੈੱਡ ਕ੍ਰਾਸ ਦੀ ਬੁਲਾਰਨ ਕੈਰੋਲਾਈਨ ਹਾਗਾ ਨੇ ਸਮਾਚਾਰ ਏਜੰਸੀ ਨੂੰ ਦੱਸਿਆ,'' ਅਸੀਂ ਸੜਕਾਂ ਤੇ ਰੁੱਖਾਂ ਦੀਆਂ ਟੁੱਟੀਆਂ ਟਹਿਣੀਆਂ ਦੇਖੀਆਂ ਹਨ। ਹੜ੍ਹ ਕਾਰਨ ਇੱਥੇ ਘਰਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਿਆ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣਾ ਜ਼ਰੂਰੀ ਹੋ ਗਿਆ ਹੈ। ਤੂਫਾਨ ਯੁਤੁ ਦੇ ਆਉਣ ਤੋਂ ਪਹਿਲਾਂ ਹੇਠਲੇ ਇਲਾਕਿਆਂ ਦੇ ਕਰੀਬ 10,000 ਲੋਕ ਆਪਣੇ ਘਰ ਛੱਡ ਕੇ ਜਾ ਚੁੱਕੇ ਹਨ।''