ਜਾਂਚ ''ਚ ਖੁਲਾਸਾ : ਪੇਸ਼ਾਵਰ ਮਸਜਿਦ ਧਮਾਕੇ ਦੀ ਅਫਗਾਨਿਸਤਾਨ ''ਚ ਰਚੀ ਗਈ ਸੀ ਸਾਜ਼ਿਸ਼

02/08/2023 5:39:46 PM

ਪੇਸ਼ਾਵਰ- ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ 'ਚ ਉੱਚ ਸੁਰੱਖਿਆ ਖੇਤਰ 'ਚ ਸਥਿਤ ਇੱਕ ਮਸਜਿਦ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਅਫਗਾਨਿਸਤਾਨ 'ਚ ਰਚੀ ਗਈ ਸੀ ਅਤੇ ਉਨ੍ਹਾਂ ਦੀ ਖੁਫੀਆ ਏਜੰਸੀ ਦੁਆਰਾ ਇਸ ਦਾ ਵਿੱਤ ਪੋਸ਼ਣ ਕੀਤੀ ਸੀ। ਇਸ ਆਤਮਘਾਤੀ ਹਮਲੇ ਦੀ ਜਾਂਚ ਕਰਨ ਵਾਲੀ ਪਾਕਿਸਤਾਨ ਦੀ ਸੁਰੱਖਿਆ ਏਜੰਸੀ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੇਸ਼ਾਵਰ ਦੀ ਮਸਜਿਦ 'ਚ 30 ਜਨਵਰੀ ਨੂੰ ਤਾਲਿਬਾਨੀ ਦੇ ਆਤਮਘਾਤੀ ਹਮਲਾਵਰ ਵਲੋਂ ਕੀਤੇ ਗਏ ਧਮਾਕੇ 'ਚ 101 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 200 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ।
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਪਹਿਲਾਂ ਕਿਹਾ ਸੀ ਕਿ ਉੱਚ ਸੁਰੱਖਿਆ ਵਾਲੇ ਖੇਤਰ 'ਚ ਦਾਖ਼ਲ ਹੋਣ ਲਈ ਮੋਟਰਸਾਈਕਲ ਸਵਾਰ ਹਮਲਾਵਰ ਨੇ ਪੁਲਸ ਦੀ ਵਰਦੀ ਪਾਈ ਹੋਈ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਹਮਲਾਵਰ ਹੈਲਮੇਟ ਅਤੇ ਮਾਸਕ ਪਾ ਕੇ ਮੋਟਰਸਾਈਕਲ ਚਲਾ ਰਿਹਾ ਸੀ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਪੇਸ਼ਾਵਰ ਮਸਜਿਦ 'ਤੇ ਆਤਮਘਾਤੀ ਹਮਲੇ ਦੀ ਯੋਜਨਾ ਅਫਗਾਨਿਸਤਾਨ 'ਚ ਬਣਾਈ ਗਈ ਸੀ ਅਤੇ ਕਾਬੁਲ ਸਥਿਤ ਖੁਫੀਆ ਏਜੰਸੀ ਵਲੋਂ ਵਿੱਤ ਪੋਸ਼ਿਤ ਸੀ। ਅਧਿਕਾਰੀਆਂ ਨੇ ਕਿਹਾ ਸੀ ਕਿ ਧਮਾਕੇ 'ਚ ਵਰਤਿਆ ਗਿਆ ਮੋਟਰਸਾਈਕਲ ਪੇਸ਼ਾਵਰ ਦੇ ਭੀੜ-ਭੜੱਕੇ ਵਾਲੇ ਸਰਕੀ ਗੇਟ ਬਾਜ਼ਾਰ 'ਚ ਦੋ ਵਾਰ ਵੇਚਿਆ ਗਿਆ ਸੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਮੋਟਰਸਾਈਕਲ ਵੇਚਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਏਜੰਸੀਆਂ ਨੇ ਧਮਾਕੇ 'ਚ ਸ਼ਾਮਲ 17 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਦੌਰਾਨ ਪੇਸ਼ਾਵਰ ਦੇ ਅੱਤਵਾਦ ਰੋਧੀ ਵਿਭਾਗ ਨੇ ਆਤਮਘਾਤੀ ਹਮਲਾਵਰ ਦੀ ਮਦਦ ਕਰਨ ਵਾਲਿਆਂ ਦਾ ਸੁਰਾਗ  ਦੇਣ ਵਾਲੇ ਨੂੰ 1 ਕਰੋੜ ਪਾਕਿਸਤਾਨੀ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਖੈਬਰ ਪਖਤੂਨਖਵਾ ਸੂਬੇ ਦੇ ਪੁਲਸ ਮੁਖੀ ਮੋਅਜ਼ਮ ਜਾਹ ਅੰਸਾਰੀ ਨੇ ਕਿਹਾ ਕਿ ਆਤਮਘਾਤੀ ਹਮਲਾਵਰ ਦੀ ਪਛਾਣ ਉਸ ਦੇ ਡੀ.ਐੱਨ.ਏ ਨਮੂਨਿਆਂ ਰਾਹੀਂ ਕੀਤੀ ਗਈ ਹੈ। ਹਮਲਾਵਰ ਨੇ ਭਾਰੀ ਸੁਰੱਖਿਆ ਵਾਲੀ ਮਸਜਿਦ 'ਚ ਦਾਖਲ ਹੋਣ ਤੋਂ ਪਹਿਲਾਂ ਗੇਟ 'ਤੇ ਆਪਣਾ ਹੈਲਮੇਟ ਛੱਡ ਦਿੱਤਾ। ਉਸ ਦੀ ਹਰਕਤ ਦੀ ਸੀਸੀਟੀਵੀ ਫੁਟੇਜ ਅਧਿਕਾਰੀਆਂ ਦੇ ਕੋਲ ਹੈ। ਉਨ੍ਹਾਂ ਕਿਹਾ ਕਿ ਇਸ ਘਿਨਾਉਣੇ ਹਮਲੇ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਸੰਗਠਨ ਨੇ ਹਾਲਾਂਕਿ ਬਾਅਦ 'ਚ ਹਮਲੇ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon