ਪੇਰੂ ''ਚ ਭੂਚਾਲ ਕਾਰਨ ਇਕ ਵਿਅਕਤੀ ਦੀ ਮੌਤ ਤੇ 26 ਜ਼ਖਮੀ

05/27/2019 10:54:16 AM

ਲੀਮਾ— ਉੱਤਰੀ ਪੇਰੂ 'ਚ ਐਤਵਾਰ ਸਵੇਰੇ ਆਏ 8 ਤੀਬਰਤਾ ਦੇ ਭੂਚਾਲ 'ਚ ਘੱਟ ਤੋਂ ਘੱਟ ਇਕ ਵਿਅਕਤੀ ਦੇ ਮਾਰੇ ਜਾਣ ਅਤੇ ਹੋਰ 26 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਅਮਰੀਕੀ ਮੌਸਮ ਅਧਿਕਾਰੀਆਂ ਨੇ ਭੂਚਾਲ ਦੀ ਤੀਬਰਤਾ 8 ਦੱਸੀ ਜੋ ਕਿ 114 ਕਿਲੋਮੀਟਰ ਦੀ ਗਹਿਰਾਈ 'ਚ ਕੇਂਦਰਿਤ ਸੀ। 

ਜਾਣਕਾਰੀ ਮੁਤਾਬਕ ਕਾਜ਼ਾਮਾਰਕਾ 'ਚ ਘਰ ਡਿੱਗਣ ਨਾਲ ਉਸ ਦੇ ਮਲਬੇ 'ਚ ਦੱਬ ਕੇ ਇਕ ਵਿਅਕਤੀ ਦੀ ਮੌਤ ਹੋ ਗਈ। ਪੇਰੂ 'ਚ 11 ਲੋਕ ਜ਼ਖਮੀ ਹਨ ਜਦਕਿ ਗੁਆਂਢੀ ਦੇਸ਼ ਇਕਵਾਡੋਰ 'ਚ ਤਕਰੀਬਨ 15 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਸਥਾਨਕ ਸਮੇਂ ਮੁਤਾਬਕ ਸਵੇਰੇ 7.41 'ਤੇ ਆਏ ਭੂਚਾਲ ਦਾ ਕੇਂਦਰ 114 ਕਿਲੋਮੀਟਰ ਦੀ ਗਹਿਰਾਈ 'ਚ ਸੀ। ਸਾਧਾਰਣ ਤੌਰ 'ਤੇ ਭੂਚਾਲ ਦੇ ਕੇਂਦਰ ਦੀ ਡੂੰਘਾਈ ਜਿੰਨੀ ਘੱਟ ਹੋਵੇ, ਤਬਾਹੀ ਓਨੀ ਜ਼ਿਆਦਾ ਹੁੰਦੀ ਹੈ। ਪੇਰੂ ਸਰਕਾਰ ਨੇ ਐਮਰਜੈਂਸੀ ਵਿਭਾਗ ਨੂੰ ਟਵੀਟ ਕਰ ਕੇ ਦੱਸਿਆ ਕਿ ਉਨ੍ਹਾਂ ਮੁਤਾਬਕ ਭੂਚਾਲ ਦੀ ਤੀਬਰਤਾ 7.2 ਸੀ। ਕਲਾਓ ਸ਼ਹਿਰ ਅਤੇ ਰਾਜਧਾਨੀ ਲੀਮਾ ਦੋਹਾਂ ਥਾਵਾਂ 'ਤੇ ਭੂਚਾਲ ਮਹਿਸੂਸ ਕੀਤਾ ਗਿਆ।