ਜਾਪਾਨ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 199 : ਸਰਕਾਰ

07/12/2018 3:43:27 PM

ਟੋਕੀਓ, (ਭਾਸ਼ਾ)— ਜਾਪਾਨ 'ਚ ਬੀਤੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਆਏ ਹੜ੍ਹ 'ਚ ਮਰਨ ਵਾਲਿਆਂ ਦੀ ਗਿਣਤੀ 199 ਹੋ ਗਈ ਹੈ ਅਤੇ ਕਾਫੀ ਗਿਣਤੀ 'ਚ ਲੋਕ ਅਜੇ ਵੀ ਲਾਪਤਾ ਹਨ। ਸਰਕਾਰ ਦੇ ਉੱਚ ਬੁਲਾਰੇ ਯੋਸ਼ਿਹਿਦੇ ਸੂਗਾ ਨੇ ਦੱਸਿਆ ਕਿ ਜਾਪਾਨ 'ਚ ਪਿਛਲੇ 3 ਦਹਾਕਿਆਂ 'ਚ ਮੌਸਮ ਨਾਲ ਜੁੜੀ ਇਹ ਸਭ ਤੋਂ ਵੱਡੀ ਆਫਤ ਆਈ ਹੈ ਅਤੇ ਇਸ ਦੇ ਬਾਅਦ ਖੋਜ ਮੁਹਿੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਕੱਲ ਪ੍ਰਭਾਵਿਤ ਖੇਤਰਾਂ 'ਚੋਂ ਇਕ ਖੇਤਰ ਦਾ ਦੌਰਾ ਕੀਤਾ ਸੀ ਅਤੇ ਉਨ੍ਹਾਂ ਦਾ ਹੋਰ ਖੇਤਰਾਂ 'ਚ ਵੀ ਜਾਣ ਦਾ ਪ੍ਰੋਗਰਾਮ ਹੈ। ਭਿਆਨਕ ਆਫਤ ਨੂੰ ਦੇਖਦੇ ਹੋਏ ਆਬੇ ਨੇ ਆਪਣੀਆਂ ਵਿਦੇਸ਼ ਯਾਤਰਾਵਾਂ ਰੱਦ ਕਰ ਦਿੱਤੀਆਂ ਹਨ। ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਘੱਟ ਤੋਂ ਘੱਟ 10 ਹਜ਼ਾਰ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਅਤੇ ਉਹ ਸਭ ਰਾਹਤ ਕੈਂਪਾਂ 'ਚ ਰਹਿ ਰਹੇ ਹਨ। ਆਬੇ ਨੇ ਸਵੇਰੇ ਇਕ ਬੈਠਕ 'ਚ ਕਿਹਾ ਕਿ ਲੋਕਾਂ ਨੂੰ ਜ਼ਿਆਦਾ ਦਿਨਾਂ ਤਕ ਕੈਂਪਾਂ 'ਚ ਨਾ ਰਹਿਣਾ ਪਏ, ਇਸ ਲਈ ਉਹ ਜੋ ਕਰ ਸਕਦੇ ਹਨ, ਕਰਨਗੇ। 

ਸਥਾਨਕ ਮੀਡੀਆ ਵਲੋਂ ਖਿੱਚੀਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਹੜ੍ਹ ਕਾਰਨ ਇਕੱਠੇ ਹੋਏ ਮਲਬੇ 'ਚ ਕਾਰਾਂ ਦੱਬੀਆਂ ਹੋਈਆਂ ਹਨ। ਬਚਾਅ ਕਰਮਚਾਰੀ ਮਲਬੇ ਹੇਠ ਦੱਬੀਆਂ ਕਾਰਾਂ ਕੱਢ ਰਹੇ ਹਨ ਅਤੇ ਉੱਥੋਂ ਕਈ ਲਾਸ਼ਾਂ ਵੀ ਉਨ੍ਹਾਂ ਨੂੰ ਮਿਲੀਆਂ ਹਨ।