ਸਕਾਟਲੈਂਡ ਦੇ ਲੋਕ 22 ਜੂਨ ਤੋਂ ਜਾ ਸਕਣਗੇ ਆਪੋ ਆਪਣੇ ਧਾਰਮਿਕ ਅਸਥਾਨਾਂ ''ਚ

06/20/2020 4:01:10 AM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - ਸਕਾਟਲੈਂਡ ਵਿੱਚ ਲਾਕਡਾਊਨ ਢਿੱਲਾਂ ਦੇ ਚਲਦਿਆਂ ਧਾਰਮਿਕ ਅਸਥਾਨਾਂ ਵਿੱਚ ਆਪੋ ਆਪਣੇ ਇਸ਼ਟ ਦੀ ਪੂਜਾ ਅਰਾਧਨਾ, ਅਰਦਾਸਾਂ ਕਰਨ ਲਈ ਜਾਣ ਵਾਸਤੇ ਕੁਝ ਰਿਆਇਤਾਂ ਦਿੱਤੀਆਂ ਹਨ। ਸਰਕਾਰ 29 ਜੂਨ ਤੋਂ ਵਿਆਹ ਦੀ ਰਸਮ ਪੂਰੀ ਕਰਨ ਦੀ ਵੀ ਇਜਾਜ਼ਤ ਦੇਣ ਜਾ ਰਹੀ ਹੈ ਪਰ ਸ਼ਰਤ ਇਹ ਹੋਵੇਗੀ ਕਿ ਵਿਆਹ ਕਿਸੇ ਇਮਾਰਤ ਅੰਦਰ ਨਹੀਂ ਸਗੋਂ ਬਾਹਰ ਖੁੱਲ੍ਹ-ਬਹਾਰੇ ਜਾਂ ਸ਼ਮਿਆਨੇ 'ਚ ਹੀ ਹੋ ਸਕਣਗੇ। ਘੱਟ ਤੋਂ ਘੱਟ ਗਿਣਤੀ ਵਿੱਚ ਮਹਿਮਾਨਾਂ ਦੇ ਸ਼ਾਮਲ ਹੋਣ ਦੀ ਵੀ ਤਾਕੀਦ ਕੀਤੀ ਗਈ ਹੈ। ਪਰ ਹਾਲ ਦੀ ਘੜੀ ਮਹਿਮਾਨਾਂ ਦੀ ਗਿਣਤੀ ਕਿੰਨੀ ਹੋਵੇ, ਇਸ ਬਾਰੇ ਸਪੱਸ਼ਟ ਨਹੀਂ ਕੀਤਾ ਗਿਆ। ਧਾਰਮਿਕ ਅਸਥਾਨਾਂ ਦੇ ਮੁੜ ਖੁੱਲ੍ਹਣ ਦੀ ਤਰੀਕ 22ਜੂਨ ਰੱਖੀ ਗਈ ਹੈ।

ਇਸ ਤਹਿਤ ਵੱਡੇ ਇਕੱਠ ਵਾਲੇ ਸਮਾਗਮ ਕਰਨ ਦੀ ਮਨਾਹੀ ਹੋਵੇਗੀ। ਜਦਕਿ ਸੰਗਤਾਂ ਇੱਕ ਇੱਕ ਕਰਕੇ ਹਦਾਇਤਾਂ ਅਨੁਸਾਰ ਹੀ ਧਾਰਮਿਕ ਅਸਥਾਨਾਂ ਅੰਦਰ ਦਾਖਲ ਹੋ ਸਕਣਗੀਆਂ। ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ 18 ਜੂਨ ਨੂੰ ਲਾਕਡਾਊਨ ਢਿੱਲਾਂ ਦੇ ਦੂਜੇ ਪੜਾਅ ਦਾ ਐਲਾਨ ਕੀਤਾ ਹੈ। ਧਾਰਮਿਕ ਅਸਥਾਨਾਂ ਦੇ ਮੁੜ ਖੁੱਲ੍ਹਣ ਦੀਆਂ ਸ਼ਰਤਾਂ ਅਧੀਨ ਕਿਹਾ ਗਿਆ ਹੈ ਕਿ ਰਸੋਈ ਬੰਦ ਰਹੇਗੀ। ਕਿਸੇ ਵੀ ਤਰ੍ਹਾਂ ਦਾ ਭੋਜਨ ਬਣਾਉਣ ਵਰਤਾਉਣ, ਪੀਣ ਵਾਲੇ ਪਦਾਰਥ ਵਰਤਾਉਣ ਦੀ ਵੀ ਮਨਾਹੀ ਹੋਵੇਗੀ। ਲੋੜ ਪੈਣ 'ਤੇ ਸਿਰਫ ਪਾਣੀ ਦਿੱਤਾ ਜਾ ਸਕਦਾ ਹੈ ਪਰ ਪਾਣੀ ਲਈ ਵੀ ਇੱਕ ਵਾਰ ਵਰਤੋਂ ਯੋਗ ਕੱਪ ਹੀ ਵਰਤੇ ਜਾਣ। ਲੋਕਾਂ ਨੂੰ ਇਹ ਸੁਨੇਹਾ ਲੱਗੇ ਕਿ ਧਾਰਮਿਕ ਅਸਥਾਨਾਂ 'ਤੇ ਆਉਣ ਲੱਗੇ ਆਪਣੇ ਨਾਲ ਪਾਣੀ ਦੀ ਬੋਤਲ ਖੁਦ ਲੈ ਕੇ ਆਉਣ। ਦਾਨ ਰਾਸ਼ੀ ਦੇਣ ਲਈ ਕਰੰਸੀ ਨੋਟਾਂ ਦੇ ਆਦਾਨ ਪ੍ਰਦਾਨ ਤੋਂ ਬਚਿਆ ਜਾਵੇ। ਆਨਲਾਈਨ ਮਾਧਿਅਮ ਰਾਹੀਂ ਦਾਨ ਦੇਣ ਦਾ ਢੰਗ ਵਰਤਿਆ ਜਾਵੇ। ਜੇ ਫਿਰ ਵੀ ਦਾਨ ਰਾਸ਼ੀ ਦੇਣੀ ਹੋਵੇ ਤਾਂ ਦਸਤਾਨੇ ਲਾਜ਼ਮੀ ਪਹਿਨੇ ਹੋਣੇ ਚਾਹੀਦੇ ਹਨ। 

 

Khushdeep Jassi

This news is Content Editor Khushdeep Jassi