ਮੈਲਬੌਰਨ ''ਚ ਨਿਰਮਾਣ ਅਧੀਨ ਇਮਾਰਤ ਕੋਲ ਵਾਪਰਿਆ ਹਾਦਸਾ, 5 ਲੋਕ ਜ਼ਖਮੀ

02/03/2020 10:38:47 AM

ਮੈਲਬੌਰਨ— ਮੈਲਬੌਰਨ ਦੇ ਕਰੈਗੀਬਰਨ 'ਚ ਇਕ ਨਿਰਮਾਣ ਅਧੀਨ ਇਮਾਰਤ ਲਈ ਲਗਾਈ ਗਈ ਸਕੈਫੋਲਡਿੰਗ ਢਹਿ ਜਾਣ ਕਾਰਨ 5 ਲੋਕ ਜ਼ਖਮੀ ਹੋ ਗਏ। ਇਮਾਰਤਾਂ ਦੇ ਨਿਰਮਾਣ ਸਮੇਂ ਲੱਕੜਾਂ ਨਾਲ ਪੌੜੀਆਂ ਵਰਗੀ ਸਪੋਰਟ ਬਣਾਈ ਜਾਂਦੀ ਹੈ, ਜਿਸ 'ਤੇ ਚੜ੍ਹ ਕੇ ਮਜ਼ਦੂਰ ਜਾਂ ਮਿਸਤਰੀ ਕੰਮ ਕਰਦੇ ਹਨ, ਇਸ ਨੂੰ ਸਕੈਫੋਲਡਿੰਗ ਕਿਹਾ ਜਾਂਦਾ ਹੈ।
ਮਿਲੀ ਜਾਣਕਾਰੀ ਮੁਤਾਬਕ ਘੱਟੋ-ਘੱਟ 5 ਵਿਅਕਤੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਵਾਲੇ ਸਥਾਨ 'ਤੇ ਪੁਲਸ, ਐਂਬੂਲੈਂਸ ਤੇ ਫਾਇਰ ਕਰੂ ਦੇ 6 ਐਮਰਜੈਂਸੀ ਵਾਹਨ ਮੌਜੂਦ ਹਨ। ਮਲਬੇ 'ਚ ਕੋਈ ਹੋਰ ਨਾ ਫਸ ਗਿਆ ਹੋਵੇ, ਇਸ ਲਈ ਬਚਾਅ ਅਧਿਕਾਰੀ ਜਾਂਚ ਕਰ ਰਹੇ ਹਨ।
ਐਂਬੂਲੈਂਸ ਵਿਕਟੋਰੀਆ ਨੇ ਦੱਸਿਆ ਕਿ 20 ਸਾਲਾ ਨੌਜਵਾਨ ਨੂੰ ਰਾਇਲ ਮੈਲਬੌਰਨ ਹਸਪਤਾਲ 'ਚ ਤੇ ਇਕ 50 ਸਾਲਾ ਵਿਅਕਤੀ ਨੂੰ ਐਲਫਰਡ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਤੇ ਦੋਹਾਂ ਦੀ ਸਥਿਤੀ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਬਾਕੀ ਤਿੰਨ ਜ਼ਖਮੀਆਂ ਦਾ ਵੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਦੀ ਸਥਿਤੀ ਖਤਰੇ ਤੋਂ ਬਾਹਰ ਹੈ। ਵਿਕਟੋਰੀਆ ਪੁਲਸ ਸਰਜੈਂਟ ਅਨੀਤਾ ਬਰੇਨਜ਼ ਨੇ ਦੱਸਿਆ ਕਿ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਜ਼ਖਮੀਆਂ ਦੀ ਪਛਾਣ ਵੀ ਅਜੇ ਸਾਂਝੀ ਨਹੀਂ ਕੀਤੀ ਗਈ।