ਕੈਨੇਡਾ : ਰੇਲ ਗੱਡੀ ਨਾਲ ਟਕਰਾਉਣ ਮਗਰੋਂ ਵਿਅਕਤੀ ਦੀ ਮੌਤ

03/23/2018 3:15:32 PM

ਮਿਸੀਸਾਗਾ— ਕੈਨੇਡਾ ਦੇ ਸ਼ਹਿਰ ਮਿਸੀਸਾਗਾ 'ਚ ਵੀਰਵਾਰ ਨੂੰ ਇਕ ਪੈਦਲ ਜਾ ਰਿਹਾ ਵਿਅਕਤੀ ਰੇਲ ਗੱਡੀ ਨਾਲ ਟਕਰਾਅ ਗਿਆ। ਲਾਕੇਸ਼ੋਰ ਅਤੇ ਸਾਊਥ ਡਾਊਨ ਰੋਡਜ਼ ਇਲਾਕੇ 'ਚ ਕਲਾਰਕਸਕ ਗੋ ਸਟੇਸ਼ਨ 'ਤੇ ਸ਼ਾਮ 5 ਵਜੇ ਇਹ ਦੁਰਘਟਨਾ ਵਾਪਰੀ। ਪੀਲ ਰੀਜਨਲ ਪੁਲਸ ਨੇ ਦੱਸਿਆ ਕਿ ਮੌਤ ਦਾ ਕਾਰਨ ਸ਼ੱਕੀ ਨਹੀਂ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਰੇਲ ਗੱਡੀ ਨਾਲ ਟਕਰਾਉਣ ਵਾਲਾ ਵਿਅਕਤੀ ਪਟੜੀਆਂ ਤੋਂ ਲੰਘ ਰਿਹਾ ਸੀ। 
ਇਸ ਘਟਨਾ ਮਗਰੋਂ ਪੋਰਟ ਕਰੇਡਿਟ ਅਤੇ ਓਕਵਿਲੇ 'ਚ ਰੇਲ ਸੇਵਾ ਨੂੰ 3 ਘੰਟਿਆਂ ਲਈ ਰੱਦ ਕਰ ਦਿੱਤਾ ਗਿਆ। ਇਸ ਕਾਰਨ ਹਜ਼ਾਰਾਂ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਮੈਟਰੋਲਿਨਕਸ ਦੀ ਮਹਿਲਾ ਬੁਲਾਰਾ ਐਨੇ ਮੈਰੀ ਇਕੀਨਸ ਨੇ ਦੱਸਿਆ ਕਿ ਪੋਰਟ ਕਰੈਡਿਟ ਤੇ ਓਕਵਿਲੇ ਅਤੇ ਐਲਡਰਸ਼ੋਟ ਤੇ ਹਮਿੰਲਟਨ ਵਿਚਕਾਰ ਆਉਣ-ਜਾਣ ਵਾਲੇ ਲੋਕਾਂ ਲਈ 20 ਸ਼ਟਲ ਬੱਸਾਂ ਦਾ ਪ੍ਰਬੰਧ ਕੀਤਾ ਗਿਆ। ਇਕੀਨਸ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਹ ਹਾਦਸਾ ਵਾਪਰਦਿਆਂ ਦੇਖਿਆ, ਉਹ ਪੁਲਸ ਨੂੰ ਇਸ ਸੰਬੰਧੀ ਜਾਣਕਾਰੀ ਦੇਣ। 


ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਲਈ ਦੋ ਕੁ ਘੰਟੇ ਤੋਂ ਵਧ ਦਾ ਸਮਾਂ ਲੱਗਾ। ਵੀਰਵਾਰ ਨੂੰ ਸ਼ਾਮ ਦੇ 5 ਵਜੇ ਤੋਂ 7 ਵਜੇ ਤਕ 15,000 ਯਾਤਰੀਆਂ ਨੂੰ ਪ੍ਰੇਸ਼ਾਨ ਹੋਣਾ ਪਿਆ। ਲੋਕ ਆਸਾਨੀ ਨਾਲ ਆਪਣੀ ਮੰਜ਼ਲ 'ਤੇ ਪੁੱਜ ਸਕਣ ਇਸੇ ਲਈ ਇੱਥੇ ਬੱਸਾਂ ਦੀਆਂ ਸੇਵਾਵਾਂ ਦਿੱਤੀਆਂ ਗਈਆਂ। ਫਿਲਹਾਲ ਜਾਂਚ ਚੱਲ ਰਹੀ ਹੈ ਅਤੇ ਵਿਅਕਤੀ ਦੀ ਪਛਾਣ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ।